ਸ਼ਗਨ ਕਟਾਰੀਆ
ਜੈਤੋ, 28 ਅਪਰੈਲ
ਇਥੋਂ ਦੇ ਇਕ ਸਕੂਲ ਦੇ ਕਲਰਕ ਨੇ ਕਥਿਤ ਨਸ਼ੇ ਦੀ ਹਾਲਤ ’ਚ ਸਕੂਲ ਵਿੱਚ ਖੂਬ ਖੌਰੂ ਪਾਇਆ ਜਿਸ ਮਗਰੋਂ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਵਾਬਤਲਬੀ ਕੀਤੀ। ਉਨ੍ਹਾਂ ਫ਼ੋਨ ’ਤੇ ਇਹ ਮਾਮਲਾ ਸਿੱਖਿਆ ਮੰਤਰੀ ਮੀਤ ਹੇਅਰ ਦੇ ਧਿਆਨ ’ਚ ਲਿਆਂਦਾ ਤੇ ਕਲਰਕ ਖ਼ਿਲਾਫ਼ ਸਖ਼ਤ ਕਾਰਵਾਈ ਲਈ ਕਿਹਾ। ਸਕੂਲ ਅਧਿਆਪਕਾਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਧਾਇਕ ਨੂੰ ਫ਼ੋਨ ਕੀਤਾ ਸੀ ਕਿ ਉਹ ਕਲਰਕ ਦੀ ਨਿੱਤ ਦੀ ਕਥਿਤ ਨਸ਼ੇ ਦੀ ਆਦਤ ਤੋਂ ਤੰਗ ਆ ਗਏ ਹਨ ਤੇ ਉਹ ਮੌਕੇ ’ਤੇ ਪਹੁੰਚ ਕੇ ਸਭ ਅੱਖੀਂ ਵੇਖ ਸਕਦੇ ਹਨ। ਸਕੂਲ ਪੁੱਜੇ ਵਿਧਾਇਕ ਨੂੰ ਅਧਿਆਪਕਾਂ ਨੇ ਦੱਸਿਆ ਕਿ ਉਕਤ ਕਲਰਕ ਕਥਿਤ ਨਸ਼ੇ ਦੀ ਹਾਲਤ ’ਚ ਡਿਊਟੀ ’ਤੇ ਆਉਂਦਾ ਤੇ ਸਹਿਕਰਮੀਆਂ ਤੇ ਵਿਦਿਆਰਥੀਆਂ ਨੂੰ ਗਾਲ੍ਹਾਂ ਕੱਢਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਲਰਕ ਨੇ ਇਕ ਅਧਿਆਪਕ ’ਤੇ ਕੁਰਸੀ ਨਾਲ ਵਾਰ ਕੀਤਾ ਪਰ ਬਚਾਅ ਹੋ ਗਿਆ। ਵਿਧਾਇਕ ਦੇ ਕਲਰਕ ਨੂੰ ਪੁੱਛਣ ’ਤੇ ਉਸ ਨੇ ਕਿਹਾ ਕਿ ਉਹ ਬਲੱਡ ਪ੍ਰੈੱਸ਼ਰ ਤੋਂ ਪੀੜਤ ਹੈ। ਤਸੱਲੀਬਖ਼ਸ਼ ਜਵਾਬ ਨਾ ਮਿਲਣ ’ਤੇ ਵਿਧਾਇਕ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਿੱਖਿਆ ਮੰਤਰੀ ਨੂੰ ਫ਼ੋਨ ਲਾ ਕੇ ਕਲਰਕ ਨੂੰ ਬਣਦੀ ਸਜ਼ਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਸ਼ਿਕਾਇਤ ਦੀ ਪੁਸ਼ਟੀ ਕਰਨ ਲਈ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਵਿਧਾਇਕ ਅਮੋਲਕ ਸਿੰਘ ਨੇ ਖੁਲਾਸਾ ਕੀਤਾ ਕਿ ਕਲਰਕ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਹੋ ਗਈ ਹੈ।