ਪੱਤਰ ਪ੍ਰੇਰਕ
ਬਰਨਾਲਾ, 20 ਅਪਰੈਲ
ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਤੋਂ ਕਾਂਗਰਸ ਪਰਿਵਾਰ ਵਿੱਚ ਛਿੜਿਆ ਵਿਵਾਦ ਰੁਕਣ ਦਾ ਨਾ ਨਹੀਂ ਲੈ ਰਿਹਾ| ਸਾਬਕਾ ਵਿਧਾਇਕ ਤੇ ਸੂਬਾ ਕਾਂਗਰਸ ਆਗੂ ਕੇਵਲ ਸਿੰਘ ਢਿੱਲੋਂ ਤੋਂ ਨਾਰਾਜ਼ ਚੱਲ ਰਹੇ ਧੜੇ ਨੇ ਸਥਾਨਕ ਰੈਸਟ ਹਾਊਸ ਵਿੱਚ ਮੀਟਿੰਗ ਕਰਕੇ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਸਮੇਂ ਕਾਂਗਰਸੀ ਕੌਂਸਲਰਾਂ ’ਚ ਨਜ਼ਰ ਆਈ ਫੁੱਟ ਨੂੰ ਸ੍ਰੀ ਢਿੱਲੋਂ ਦੀਆਂ ਉਨ੍ਹਾਂ ਵੱਲੋਂ ਲੰਮੇ ਸਮੇਂ ਤੋਂ ਗਿਣਾਈਆਂ ਜਾ ਰਹੀਆਂ ਨਕਾਮੀਆਂ ’ਤੇ ਮੋਹਰ ਦੱਸਿਆ ਹੈ| ਇਸ ਧੜੇ ਨੇ ਹਾਈ ਕਮਾਨ ਤੋਂ ਮੰਗ ਕੀਤੀ ਕਿ ਕੇਵਲ ਸਿੰਘ ਢਿੱਲੋਂ ਤੋਂ ਜ਼ਿਲ੍ਹਾ ਬਰਨਾਲਾ ਦੀ ਵਾਗਡੋਰ ਵਾਪਸ ਲੈ ਕੇ ਸਥਾਨਕ ਕਿਸੇ ਟਕਸਾਲੀ ਅਤੇ ਲੋਕਾਂ ’ਚ ਵਿਚਰਣ ਵਾਲੇ ਆਗੂ ਨੂੰ ਦਿੱਤੀ ਜਾਵੇ|
ਬਾਗ਼ੀ ਧੜੇ ਦੀ ਅਗਵਾਈ ਕਰ ਰਹੇ ਐਡਵੋਕੇਟ ਜਤਿੰਦਰ ਕੁਮਾਰ ਬਹਾਦਰਪੁਰੀਆ ਤੇ ਕਿੰਗਜ਼ ਗਰੁੱਪ ਚੇਅਰਮੈਨ ਹਰਦੇਵ ਸਿੰਘ ਲੀਲਾ ਬਾਜਵਾ ਨੇ ਕਿਹਾ ਕਿ ਬਰਨਾਲਾ ਨਗਰ ਕੌਂਸਲ ਦੀ ਪ੍ਰਧਾਨਗੀ ਤੇ ਉਪ ਪ੍ਰਧਾਨ ਦੇ ਅਹੁਦਿਆਂ ਦੀ ਚੋਣ ਮੌਕੇ ਕਥਿਤ ਕਰੋੜਾਂ ਦੇ ਲੈਣ-ਦੇਣ ਦੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਪਾਰਟੀ ਹਾਈ ਕਮਾਨ ਵੱਲੋਂ ਕਰਵਾਉਣੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰੋਂ 31 ਵਾਰਡਾਂ ’ਚੋਂ 16 ਸਿੱਧੇ ਤੌਰ ’ਤੇ ਕਾਂਗਰਸੀਆਂ ਦੀ ਜਿੱਤ ਹੋਣ ਦੇ ਬਾਵਜੂਦ ਪ੍ਰਧਾਨਗੀ ਤੇ ਉਪ ਪ੍ਰਧਾਨਗੀ ਦੂਜੀਆਂ ਪਾਰਟੀਆਂ ’ਚੋਂ ਆਏ ਆਗੂਆਂ ਨੂੰ ਸੌਂਪ ਦਿੱਤੀਆਂ ਗਈਆਂ| ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਿਆਂ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਚੋਣਾਂ ਜਿੱਤੇ ਉਨ੍ਹਾਂ ਨੂੰ ਚੋਣ ਸਮੇਂ ਦਰਕਿਨਾਰ ਕਰ ਕੇ ਬੇਇੱਜ਼ਤ ਕੀਤਾ ਗਿਆ| ਸਿੱਟੇ ਵਜੋਂ ਵੱਡੀ ਗਿਣਤੀ ਕਾਂਗਰਸੀ ਕੌਂਸਲਰ ਸੱਤਾਧਾਰੀ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਠੱਗਿਆ ਤੇ ਲਾਚਾਰ ਮਹਿਸੂਸ ਕਰ ਰਹੇ ਹਨ| ਮੀਟਿੰਗ ਦੌਰਾਨ ਮੌਜੂਦਾ ਨਗਰ ਕੌਂਸਲ ਦੇ ਨਿਯੁਕਤ ਪ੍ਰਧਾਨ ਤੇ ਉਪ ਪ੍ਰਧਾਨ ਨੂੰ ਤਬਦੀਲ ਕਰਕੇ ਕੌਂਸਲਰਾਂ ਦੀ ਸਰਬਸੰਮਤੀ ਨਾਲ ਨਵੇਂ ਸਿਰਿਓ ਚੋਣ ਕਰਨ ਤੇ ਕੇਵਲ ਸਿੰਘ ਢਿੱਲੋਂ ਨੂੰ ਜ਼ਿਲ੍ਹਾ ਇੰਚਾਰਜੀ ਤੋਂ ਫਾਰਗ ਕੀਤੇ ਜਾਣ ਦੀ ਮੰਗ ਕੀਤੀ ਗਈ| ਇਸ ਮੌਕੇ ਸਾਬਕਾ ਸਰਪੰਚ ਰਾਜਵੰਤ ਸਿੰਘ ਭੱਦਲਵੱਡ, ਮਹੰਤ ਗੁੁਰਮੀਤ ਸਿੰਘ ਠੀਕਰੀਵਾਲਾ, ਸਤਨਾਮ ਸਿੰਘ ਸਰਪੰਚ ਪੱਤੀ ਸੇਖਵਾਂ, ਰਣਜੀਤ ਸਿੰਘ ਸਰਪੰਚ ਕਲਾਲਾ, ਬਲਦੇਵ ਸਿੰਘ ਭੁੁੱਚਰ, ਸੁੁਖਵਿੰਦਰ ਸਿੰਘ ਕਲਕੱਤਾ ਹਾਜ਼ਰ ਸਨ|
ਕਰੋੜਾਂ ਦੇ ਲੈਣ-ਦੇਣ ਦੇ ਦੋਸ਼ ਬੇਬੁਨਿਆਦ
ਨਗਰ ਕੌਂਸਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਤੇ ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਪ੍ਰਧਾਨਗੀ ਦੇ ਅਹੁਦੇ ਲਈ ਕਰੋੜਾਂ ਦੇ ਲੈਣ-ਦੇਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪਹਿਲਾਂ ਹੀ ਪਾਰਟੀ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਕੁਝ ਆਗੂਆਂ ਵੱਲੋਂ ਆਪਣੇ ਉਭਾਰ ਲਈ ਬੇਲੋੜੀ ਤੂਲ ਦਿੱਤੀ ਜਾ ਰਹੀ ਹੈ| ਉਨ੍ਹਾਂ ਕੇਵਲ ਢਿੱਲੋਂ ਦੀ ਅਗਵਾਈ ’ਚ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਨੂੰ ਸਮਰੱਥ ਆਗੂ ਦੱਸਿਆ।