ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਨੂੰ ਦਬਾਉਣ ਦੀ ਥਾਂ ਕਿਸਾਨਾਂ ਨਾਲ ਖ਼ੁਦ ਗੱਲਬਾਤ ਕਰਨ ਤਾਂ ਜੋ ਮਸਲਾ ਹੱਲ ਹੋ ਸਕੇ। ਪਾਰਟੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਥੇਦਾਰ ਮੱਖਣ ਸਿੰਘ ਨੰਗਲ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਗੱਲਬਾਤ ਦੇ ਬਹਾਨੇ ਉਲਝਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੇ ਅਹਿਦ ਲਿਆ ਹੈ ਕਿ ਉਹ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਅੰਦੋਲਨ ਸਮਾਪਤ ਨਹੀਂ ਕਰਨਗੇ। ਹੁਣ ਇਸ ਸਥਿਤੀ ਵਿੱਚ ਕਿਸਾਨਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਹਮਲੇ ਦੌਰਾਨ ਪੁਲੀਸ ਦੀ ਹਾਜ਼ਰੀ ਵਿੱਚ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਮੋਦੀ ਸਰਕਾਰ ਨੂੰ ਆਖਿਆ ਕਿ ਉਹ ਬੀਤੇ ਤੋਂ ਸਬਕ ਲਵੇ। ਉਨ੍ਹਾਂ ਮੀਡੀਆ ਨੂੰ ਵੀ ਆਖਿਆ ਕਿ ਉਹ ਸੱਚ ਦੀ ਤਸਵੀਰ ਪੇਸ਼ ਕਰੇ।