ਰਮੇਸ਼ ਭਾਰਦਵਾਜ
ਲਹਿਰਾਗਾਗਾ, 30 ਮਾਰਚ
ਇੱਥੇ ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ’ਚ ਤਾਇਨਾਤ ਕਲਰਕ ਦਵਿੰਦਰ ਸਿੰਘ ਵਰਮਾ (36) ਨੇ ਪਿਛਲੇ 35 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਸੰਸਥਾ ਦੇ ਇੱਕ ਵਿੱਤੀ ਗਬਨ ਮਾਮਲੇ ਵਿੱਚ ਸਜ਼ਾ ਦੇਣ ਦੇ ਰੋਸ ਵਜੋਂ ਕਾਲਜ ਦੇ ਦਫਤਰ ’ਚ ਫਾਹਾ ਲੈ ਕੇ ਖੁਦਕਸ਼ੀ ਕਰ ਲਈ। ਖੁਦਕੁਸ਼ੀ ਨੋਟ ’ਚ ਉਸ ਨੇ ਪ੍ਰਿੰਸੀਪਲ ਸਤੀਸ਼ ਕਾਂਸਲ ਤੇ ਰਜਿਸਟਰਾਰ ਸੰਦੀਪ ਬਜਾਜ ਨੂੰ ਮੌਤ ਦਾ ਦੋਸ਼ੀ ਦੱਸਿਆ ਹੈ।ਜ਼ਿਕਰਯੋਗ ਹੈ ਕਿ ਸਾਲ 2012-13 ਦੌਰਾਨ ਸੰਸਥਾ ਵਿੱਚ ਵਿੱਤੀ ਗਬਨ ਹੋਇਆ ਸੀ। ਉਸ ਵੇਲੇ ਵੀ ਉਸ ਨੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਉਸ ਸਮੇਂ ਤੋਂ ਹੀ ਉਹ ਪ੍ਰੇਸ਼ਾਨ ਰਹਿੰਦਾ ਸੀ। ਨੋਟ ਅਨੁਸਾਰ ਗਬਨ ਸਮੇਂ ਦਵਿੰਦਰ ਸਮੇਤ ਦੋ ਹੋਰ ਕਰਮਚਾਰੀਆਂ ਸਹਾਇਕ ਰਜਿਸਟਰਾਰ ਮਦਨ ਲਾਲ ਲਟਾਵਾ ਅਤੇ ਰੋਹਿਤ ਕੁਮਾਰ ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਮਦਨ ਲਾਲ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕਰਦਿਆਂ ਆਪਣਾ ਕੋਈ ਇਨਕਰੀਮੈਂਟ ਨਹੀਂ ਰੋਕਿਆ ਪਰ ਰੋਹਿਤ ਅਤੇ ਦਵਿੰਦਰ ਦੇ ਇਨਕਰੀਮੈਂਟ ਰੋਕ ਦਿੱਤੇ ਗਏ, ਜੋ ਹਾਲੇ ਤੱਕ ਪੈਂਡਿੰਗ ਹਨ।
ਕਾਲਜ ਦੇ ਮੁਲਾਜ਼ਮਾਂ ਰਤਨਪਾਲ, ਕੰਵਲਜੀਤ ਸਿੰਘ, ਸ਼ਿਵਾਲੀ ਤੇ ਮਨਦੀਪ ਸ਼ਰਮਾ ਨੇ ਦੱਸਿਆ ਕਿ ਵਾਰ-ਵਾਰ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੇ ਹੋਰ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ, ਜਿਸ ਕਰਕੇ ਆਉਣ ਵਾਲੇ ਦਿਨਾਂ ’ਚ ਹੋਰ ਮੁਲਾਜ਼ਮ ਵੀ ਖੁਦਕੁਸ਼ੀਆਂ ਦੇ ਰਾਹ ਪੈ ਸਕਦੇ ਹਨ। ਕਾਲਜ ਮੁਲਾਜ਼ਮਾਂ ਨੇ ਮ੍ਰਿਤਕ ਦੀ ਲਾਸ਼ ਪੁਲੀਸ ਨੂੰ ਚੁੱਕਣ ਨਹੀਂ ਦਿੱਤੀ। ਉਨ੍ਹਾਂ ਕਾਲਜ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਹੱਲ ਕਰਨ, ਪੀੜਤ ਪਰਿਵਾਰ ਨੂੰ 30 ਲੱਖ ਮੁਆਵਜ਼ੇ ਸਮੇਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਪੀੜਤ ਪਰਿਵਾਰ ਦੇ ਸਮਰਥਨ ਵਿੱਚ ਆ ਗਈ ਹੈ।