ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਅਕਤੂਬਰ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਸੀਐੱਲਯੂ ਘੁਟਾਲੇ ਵਿੱਚ ਲੁਧਿਆਣਾ ਦੀ ਅਦਾਲਤ ’ਚ ਪੇਸ਼ੀ ਨਹੀਂ ਹੋਈ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦਰਜ ਕਰਵਾਉਣੇ ਸਨ, ਪਰ ਇਸ ਮਾਮਲੇ ਵਿੱਚ ਬਰਖ਼ਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਅਦਾਲਤ ਵਿੱਚ ਅਪੀਲ ਕੀਤੀ ਕਿ ਉਹ ਮਾਮਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਾ ਚਾਹੁੰਦਾ ਹੈ ਜਿਸ ’ਤੇ ਅਦਾਲਤ ਨੇ ਕੇਸ ਦੀ ਸੁਣਵਾਈ 4 ਨਵੰਬਰ ਤੱਕ ਟਾਲ ਦਿੱਤੀ ਹੈ। ਇਸ ਤੋਂ ਪਹਿਲਾਂ ਲੁਧਿਆਣਾ ਅਦਾਲਤ ਵਿੱਚ 21 ਅਕਤੂਬਰ ਨੂੰ ਸਿੱਧੂ ਦੀ ਪੇਸ਼ੀ ਹੋਣੀ ਸੀ ਪਰ ਮੈਡੀਕਲ ਪੱਧਰ ’ਤੇ ਅਨਫਿਟ ਹੋਣ ਕਾਰਨ ਪੇਸ਼ੀ ਟਲ ਗਈ ਸੀ। ਇਸ ਮਗਰੋਂ ਸਿੱਧੂ ਨੂੰ ਰਾਹਤ ਮਿਲ ਗਈ ਸੀ ਕਿ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਬਿਆਨ ਦੇ ਸਕਦੇ ਹਨ। ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ’ਤੇ ਸਿੱਧੂ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ ’ਚ ਬਤੌਰ ਗਵਾਹ ਤਲਬ ਕੀਤਾ ਸੀ।