ਮਹਿੰਦਰ ਸਿੰਘ ਰੱਤੀਆਂ
ਮੋਗਾ,16 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਕੋਲ ਖੇਤੀਬਾੜੀ ਵਿਭਾਗ ਵੀ ਹੈ, ਨੇ 9 ਹਾਨੀਕਾਰਕ ਕੀਟਨਾਸ਼ਕਾਂ ਦੀ ਵਿਕਰੀ ’ਤੇ 60 ਦਿਨ ਲਈ ਪਾਬੰਦੀ ਲਗਾ ਦਿੱਤੀ ਹੈ। ਸੂਬੇ ਦੇ ਵਧੀਕ ਮੁੱਖ ਸਕੱਤਰ(ਵਿਕਾਸ) ਅਨੁਰਿਧ ਤਿਵਾੜੀ ਨੇ ਇਨ੍ਹਾਂ ਕੀਟਨਾਸ਼ਕਾਂ ਉੱਤੇ ਪਾਬੰਦੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਸਰਕਾਰੀ ਲੈਬਾਰਟੀਆਂ ਤੋਂ ਨਮੂਨੇ ਚੈੱਕ ਕਰਵਾਉਣ ਮਗਰੋਂ ਝੋਨਾਂ ਤੇ ਬਾਸਮਤੀ ਦੀ ਫਸਲ ਦੀ ਗੁਣਵੱਤਾ ਬਚਾਉਣ ਅਤੇ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਫ਼ੈਸਲਾ ਲਿਆ ਹੈ, ਜਿਨ੍ਹਾਂ 9 ਖੇਤੀ ਰਸਾਇਣਾ ਉੱਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪ੍ਰੋਪੀਕੋਨਾਜ਼ਲੋ ਐਸੀਫੇਟ,ਟਰਾਈਜ਼ੋਫੋਸ ਅਤੇ ਥਾਇਓਫਿਨੇਟ ਮਥਾਇਲ ਸ਼ਾਮਲ ਹਨ। ਖੇਤੀ ਸਕੱਤਰ ਨੇ ਅੱਗੇ ਦੱਸਿਆ ਕਿ ਇਨ੍ਹਾਂ 9 ਕੀਟਨਾਸ਼ਕਾਂ ਦੀ ਵਿਕਰੀ, ਮਾਲ ਭੰਡਾਰ ਕਰਨ, ਵੰਡ ਅਤੇ ਝੋਨੇ ਦੀ ਫਸਲ ‘ਤੇ ਵਰਤੋਂ ਉਪਰ ਪਾਬੰਦੀ ਲਈ ਨੋਟੀਫ਼ਿਕੇਸ਼ਨ ਹੋ ਚੁੱਕਾ ਹੈ। ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।