ਨਿੱਜੀ ਪੱਤਰ ਪ੍ਰੇਰਕ
ਮਲੋਟ, 30 ਜੂਨ
ਲੋਕ ਮੋਰਚਾ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਜਸਮੇਲ ਸਿੰਘ ਅਤੇ ਸੂਬਾ ਕਮੇਟੀ ਆਗੂ ਗੁਰਦੀਪ ਸਿੰਘ ਖੁੱਡੀਆਂ ਨੇ ਇੱਕ ਮੀਟਿੰਗ ਦੌਰਾਨ ਕਿਹਾ ਕਿ ਮੋਰਚੇ ਵੱਲੋਂ ਮੁਲਕ ਦੀਆਂ ਦਸ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਖਤਮ ਕਰਨ ਖ਼ਿਲਾਫ਼ ਜੁਲਾਈ ਵਿੱਚ ਕੀਤੀ ਜਾ ਰਹੀ ਦੇਸ਼ ਪੱਧਰੀ ਹੜਤਾਲ ਅਤੇ ਕੋਲਾ ਖੇਤਰ ਦੀਆਂ ਜਥੇਬੰਦੀਆਂ ਵੱਲੋਂ 2, 3 ਤੇ 4 ਜੁਲਾਈ ਨੂੰ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਕਰੋਨਾ ਸੰਕਟ ਦੀ ਆੜ ‘ਚ ਕਿਰਤੀਆਂ ਦੇ ਹੱਕ ਖੋਹੇ ਜਾ ਰਹੇ ਹਨ ਜਦਕਿ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਖੋਹ ਲਿਆ ਗਿਆ ਹੈ ਜਦਕਿ ਕੰਮ ਦੇ ਘੰਟੇ 8 ਤੋਂ 12 ਕਰ ਦਿੱਤੇ ਗਏ ਹਨ ਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਸੰਘਰਸ਼ ਨੂੰ ਦਬਾਇਆ ਗਿਆ ਹੈ। ਸਰਕਾਰ ਨੇ ਭਾਰਤੀ ਖੇਤੀ ਸੈਕਟਰ ਨੂੰ ਕਾਰਪੋਰੇਟ ਜਗਤ ਹੱਥੋਂ ਲੁੱਟਣ ਲਈ ਖੋਲ੍ਹਣ ਲਈ ਤਿੰਨ ਆਰਡੀਨੈਂਸ ਜਾਰੀ ਕਰ ਦਿੱਤੇ ਹਨ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਜਿਵੇਂ ਬਿਜਲੀ, ਹਵਾਬਾਜ਼ੀ, ਕੋਲਾ ਖੇਤਰ, ਖਣਿਜ ਥਾਣਾਂ, ਪਰਮਾਣੂ ਊਰਜਾ, ਰੱਖਿਆ ਖੇਤਰ ਤੇ ਸਪੇਸ ਨੂੰ ਵੇਚਣ ਤੇ ਨਿੱਜੀ ਹਿੱਸੇਦਾਰੀ ਨੂੰ ਵਧਾਉਣ ਦੇ ਕਦਮ ਚੁੱਕੇ ਗਏ ਹਨ।