ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਕੌਮਾਂਤਰੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੱਲ੍ਹ ਸਾਂਝੇ ਅਪਰੇਸ਼ਨ ਦੌਰਾਨ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਭਲੂਰ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਿਮਰਨਜੋਤ ਸਿੰਘ ਸੰਧੂ ਦਾ ਥਾਣਾ ਅਜੀਤਵਾਲ ਪੁਲੀਸ ਨੇ ਚਾਰ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਉਸ ਕੋਲੋਂ ਪੰਜਾਬ ਪੁਲੀਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਪੁੱਛ- ਪੜਤਾਲ ਕੀਤੀ ਜਾ ਰਹੀ ਹੈ।
ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਜਰਮਨੀ ਵਿੱਚ 487 ਕਿੱਲੋ ਕੋਕੀਨ ਤਸਕਰੀ ਮਾਮਲੇ ਵਿੱਚ ਲੋੜੀਂਦੇ ਕੌਮਾਂਤਰੀ ਨਸ਼ਾ ਤਸਕਰ ਸਿਮਰਨਜੋਤ ਸਿੰਘ ਸੰਧੂ (30) ਦਾ ਸਥਾਨਕ ਅਦਾਲਤ ਨੇ ਚਾਰ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਉਸ ਖ਼ਿਲਾਫ਼ ਇੱਕ ਕਿਲੋ ਹੈਰੋਇਨ ਬਰਾਮਦਗੀ ਬਾਰੇ ਇਥੇ ਥਾਣਾ ਅਜੀਤਵਾਲ ਵਿੱਚ ਵੀ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਅਤੇ ਕੇਂਦਰੀ ਏਜੰਸੀਆਂ ਭਾਰਤ ਵਿੱਚ ਉਸ ਦੀਆਂ ਗਤੀਵਿਧੀਆਂ ਬਾਰੇ ਪਤਾ ਕਰਨ ਲਈ ਡੂੰਘਾਈ ਨਾਲ ਪੁੱਛ-ਪੜਤਾਲ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਮੋਬਾਈਲ ਐਪ ‘ਐਨਕਰੋਚੈਟ’ ’ਤੇ ਗੱਲਬਾਤ ਕਰਦਾ ਸੀ। ਉਹ ਸਾਲ 2002 ਵਿੱਚ ਜਰਮਨੀ ਗਿਆ ਸੀ। ਉਥੇ ਟੈਕਸੀ ਡਰਾਈਵਰ ਵਜੋਂ ਕੰਮ ਕਰਨ ਦੌਰਾਨ ਉਸ ਦੇ ਕੌਮਾਂਤਰੀ ਤਸਕਰਾਂ ਨਾਲ ਸਬੰਧ ਬਣ ਗਏ ਅਤੇ ਕੌਮਾਂਤਰੀ ਡਰੱਗ ਗਰੋਹ ਦਾ ਮੁੱਖ ਸਰਗਨਾ ਬਣ ਗਿਆ। ਮੁਲਜ਼ਮ ਜਰਮਨੀ ਵਿੱਚ ਨਸ਼ਿਆਂ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ।
ਪੁਲੀਸ ਮੁਤਾਬਕ ਕਰੋਨਾ ਮਹਾਮਾਰੀ ਕਾਰਨ ਲੱਗੇ ਲੌਕਡਾਊਨ ਵੇਲੇ ਮਾਰਚ ਤੋਂ ਜੂਨ 2020 ਦੇ ਅਰਸੇ ਦੌਰਾਨ ਮੁਲਜ਼ਮ ਨੇ ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਤੋਂ ਸਪਲਾਈ ਕੀਤੀ 487 ਕਿਲੋ ਕੋਕੀਨ, 66 ਕਿਲੋ ਭੰਗ ਅਤੇ 10 ਕਿਲੋ ਹਸੀਸ ਨੂੰ ਜਰਮਨੀ ਦੀ ਬੰਦਰਗਾਹ ਤੋਂ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ ਸਟੋਰ ਅਤੇ ਸਪਲਾਈ ਕਰਨ ਦੇ ਮਾਮਲੇ ਵਿੱਚ ਜਰਮਨੀ ਦੀ ਅਦਾਲਤ ਨੇ ਮੁਲਜ਼ਮ ਨੂੰ 28 ਫਰਵਰੀ 2022 ਨੂੰ ਨਾਰਕੋਟਿਕ ਡਰੱਗਜ਼ ਐਕਟ ਦੀ ਧਾਰਾ 29 ਤਹਿਤ 8 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਇਸ ਮਗਰੋਂ ਮੁਲਜ਼ਮ ਉਥੋਂ ਭੱਜ ਕੇ ਪਹਿਲਾਂ ਜੁਲਾਈ 2023 ਵਿੱਚ ਦੁਬਈ ਚਲਾ ਗਿਆ ਅਤੇ ਫਿਰ ਸਤੰਬਰ 2023 ਵਿੱਚ ਭਾਰਤ ਆ ਗਿਆ। ਇਥੇ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ 11 ਮਹੀਨੇ ਅੰਮ੍ਰਿਤਸਰ, ਚੰਡੀਗੜ੍ਹ, ਰਾਜਸਥਾਨ ਅਤੇ ਮੋਗਾ ਸਮੇਤ ਹੋਰ ਵੱਖ-ਵੱਖ ਥਾਵਾਂ ’ਤੇ ਰਹਿੰਦਾ ਰਿਹਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਆਪਣੇ ਕੌਮਾਂਤਰੀ ਸਬੰਧਾਂ ਜ਼ਰੀਏ ਭਾਰਤ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਨਸ਼ਿਆਂ ਦੀ ਤਸਕਰੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ।