ਮਕਬੂਲ ਅਹਿਮਦ
ਕਾਦੀਆਂ, 25 ਜੂਨ
ਆਪਣੀਆਂ ਮੰਗਾਂ ਸਬੰਧੀ ਅੱਜ ਵੱਡੀ ਗਿਣਤੀ ਰੂਰਲ ਫ਼ਾਰਮੇਸੀ ਅਫ਼ਸਰ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਮੂਹਰੇ ਧਰਨਾ ਦੇਣ ਪਹੁੰਚੇ। ਸੂਚਨਾ ਮਿਲਣ ’ਤੇ ਵੱਡੀ ਗਿਣਤੀ ਪੁਲੀਸ ਫੋਰਸ ਅਤੇ ਡੀਐੱਸਪੀ ਲਖਵੀਰ ਸਿੰਘ ਤੇ ਐੱਸਐੱਚਓ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਟੈਂਟ ਲਗਾਉਣ ਤੋਂ ਰੋਕ ਦਿੱਤਾ। ਡੀਐੱਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਕਾਰਨ ਲੱਗੀਆਂ ਪਾਬੰਦੀਆਂ ਤਹਿਤ ਧਰਨਾ ਦੇਣ ਦੀ ਮਨਾਹੀ ਹੈ। ਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਕਿਹਾ ਕਿ ਊਹ ਆਪਣਾ ਮੰਗ ਉਨ੍ਹਾਂ ਨੂੰ ਦੇ ਦੇਣ ਅਤੇ ਉਹ ਮੰਤਰੀ ਤਕ ਪਹੁੰਚਾ ਦੇਣਗੇ। ਇਸ ਤੋਂ ਗੁੱਸੇ ’ਚ ਆਏ ਸਮੂਹ ਫਾਰਮੇਸੀ ਅਫ਼ਸਰਾਂ ਨੇ ਅਸਤੀਫ਼ੇ ਦੇ ਦਿੱਤੇ। ਇਨ੍ਹਾਂ ਅਫ਼ਸਰਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਨਾਂ ਅਸਤੀਫ਼ਾ ਲਿਖ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 1186 ਹੈਲਥ ਅਤੇ ਦਰਜਾ ਚਾਰ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਠੇਕੇ ’ਤੇ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਬਿਕਰਮਜੀਤ ਸਿੰਘ ਸਠਿਆਲੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਪੰਚਾਇਤ ਮੰਤਰੀ ਮੰਗਾਂ ਸਬੰਧੀ ਉਨ੍ਹਾਂ ਨੂੰ ਲਾਰੇ ਲਗਾ ਰਹੇ ਹਨ। ਉਹ ਆਪਣਾ ਦੁੱਖੜਾ ਦੱਸਣ ਲਈ ਉਨ੍ਹਾਂ ਦੇ ਦਰ ਆਏ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸੇ ਕਰਕੇ ਉਨ੍ਹਾਂ ਸਮੂਹਿਕ ਅਸਤੀਫ਼ੇ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਜਿੰਨੇ ਵੀ ਮੈਡੀਕਲ ਅਫ਼ਸਰ ਸਨ, ਉਨ੍ਹਾਂ ਨੂੰ 2011 ਵਿਚ ਰੈਗੂਲਰ ਕਰ ਦਿੱਤਾ ਗਿਆ ਸੀ ਪਰ ਰੂਰਲ ਹੈਲਥ ਅਫ਼ਸਰਾਂ ਅਤੇ ਦਰਜਾ ਚਾਰ ਕਰਮੀਆਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਪਿਛਲੇ ਤਿੰਨ ਮਹੀਨਿਆਂ ਤੋਂ ਕੋਵਿਡ-19 ਕਾਰਨ ਉਨ੍ਹਾਂ ਨੂੰ ਆਰਜ਼ੀ ਤੌਰ ’ਤੇ ਸਿਹਤ ਵਿਭਾਗ ਦੇ ਅਧੀਨ ਕਰ ਦਿੱਤਾ ਗਿਆ ਹੈ। ਕਰੋਨਾ ਮਹਾਮਾਰੀ ਦੌਰਾਨ ਸਿਵਲ ਹਸਪਤਾਲਾਂ, ਇਕਾਂਤਵਾਸ ਕੇਂਦਰਾਂ, ਹਵਾਈ ਅੱਡਿਆਂ, ਜੇਲ੍ਹਾਂ, ਸੈਂਪਲ ਲੈਣ ਲਈ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਫਲੂ ਕਾਰਨਰ ਅਤੇ ਵਾਹਗਾ ਬਾਰਡਰ ਸਮੇਤ ਅਨੇਕ ਥਾਵਾਂ ’ਤੇ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਸੀ ਕਿ 28 ਮਈ ਨੂੰ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਹਾਈ ਪਾਵਰ ਕਮੇਟੀ ਉਨ੍ਹਾਂ ਨੂੰ ਰੈਗੂਲਰ ਕਰਨ ਜਾ ਰਹੀ ਹੈ ਪਰ ਜਦੋਂ ਉਹ ਦੁਬਾਰਾ ਆਪਣੀਆਂ ਮੰਗਾਂ ਸਬੰਧੀ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਇਹ ਕਹਿ ਕੇ ਰੈਗੂਲਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਪੰਜਾਬ ਦੇ ਬਾਕੀ ਆਰਜ਼ੀ ਮੁਲਾਜ਼ਮਾਂ ਦੇ ਨਾਲ ਹੀ ਰੈਗੂਲਰ ਕੀਤਾ ਜਾਵੇਗਾ। ਅੱਜ ਉਹ ਧਰਨਾ ਦੇਣ ਪਹੁੰਚੇ ਸਨ ਪਰ ਪੁਲੀਸ ਦੇ ਰੋਕਣ ਕਾਰਨ ਧਰਨਾ ਨਹੀਂ ਲਗਾ ਸਕੇ। ਇਸ ਮਗਰੋਂ ਸਾਰੇ 1186 ਮੁਲਾਜ਼ਮਾਂ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੇਂਡੂ ਫਾਰਮੇਸੀ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਐਲਾਨ ਅੱਜ ਹੀ ਕੀਤਾ ਜਾਵੇ।