ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਅਪਰੈਲ
ਇਥੇ ਦਰਬਾਰ ਸਾਹਿਬ ਸਮੂਹ ਵਿਚ ਸਥਾਪਤ ਇਤਿਹਾਸਕ ਬੁੰਗਾ ਰਾਮਗੜ੍ਹੀਆ ਦੀ ਸਾਂਭ ਸੰਭਾਲ, ਮੁਰੰਮਤ ਕਾਰਜ ਅਤੇ ਨਵੀਨੀਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਲਗਪਗ ਦੋ ਦਹਾਕੇ ਪਹਿਲਾਂ ਇਸ ਦੀ ਸਾਂਭ ਸੰਭਾਲ ਦਾ ਸ਼ੁਰੂ ਕੀਤਾ ਗਿਆ ਕਾਰਜ ਕਈ ਕਾਰਨਾਂ ਕਰਕੇ ਰੁਕਿਆ ਹੋਇਆ ਸੀ, ਜਿਸ ਨੂੰ ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਹੋਰ ਧਾਰਮਿਕ ਸ਼ਖਸੀਅਤਾਂ ਨੇ ਟੱਕ ਲਾ ਕੇ ਮੁੜ ਸ਼ੁਰੂ ਕਰਵਾਇਆ।
ਪਿਛਲੇ ਲੰਮੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਰਹੇ ਇਨ੍ਹਾਂ ਦੋ ਰਾਮਗੜ੍ਹੀਆ ਬੁੰਗਿਆਂ ਦੇ ਨਵੀਨੀਕਰਨ ਲਈ ਸ਼੍ਰੋਮਣੀ ਕਮੇਟੀ ਨੇ ਦਸ ਕਰੋੜ ਦੀ ਲਾਗਤ ਨਾਲ ਮਾਹਿਰਾਂ ਦੀ ਨਿਗਰਾਨੀ ਹੇਠ ਕੰਮ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੁੰਗੇ ਸਿੱਖ ਕੌਮ ਦੀ ਵਿਰਾਸਤ ਹਨ, ਜਿਨ੍ਹਾਂ ਦਾ ਆਪਣਾ ਗੌਰਵਮਈ ਇਤਿਹਾਸ ਹੈ। ਸਿੱਖ ਸੰਗਤ ਦੀ ਮੰਗ ’ਤੇ ਇਤਿਹਾਸਕਾਰਾਂ ਅਤੇ ਮਾਹਿਰਾਂ ਦੀ ਨਿਗਰਾਨੀ ਹੇਠ ਇਨ੍ਹਾਂ ਬੁੰਗਿਆਂ ਦਾ ਨਵੀਨੀਕਰਨ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਲਦੀ ਹੀ ਇਸ ਸਬੰਧੀ ਟੀਮ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਥੇ ਸਾਂਭ ਸੰਭਾਲ, ਮੁਰੰਮਤ ਕਾਰਜ ਅਤੇ ਨਵੀਨੀਕਰਨ ਦੇ ਕੰਮ ਦੌਰਾਨ ਇਸ ਦੀ ਪੁਰਾਤਨ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ। ਇਸ ਕਾਰਜ ’ਤੇ ਲਗਪਗ ਦਸ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਬੁੰਗੇ ਵਿੱਚ ਇਸ ਦੇ ਇਤਿਹਾਸ ਨੂੰ ਰੂਪਮਾਨ ਕਰਦਾ ਅਜਾਇਬ ਘਰ ਵੀ ਸਥਾਪਤ ਕੀਤਾ ਜਾਵੇਗਾ। ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚੋਂ ਇਸ ਨੂੰ ਰਸਤਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਮੌਕੇ ’ਤੇ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਅਕਾਲੀ ਮੰਤਰੀ ਹੀਰਾ ਸਿੰਘ ਗਾਬੜੀਆ, ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਗੁਰਮਤਿ ਮਰਿਆਦਾ ਅਨੁਸਾਰ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਅਤੇ ਅਰਦਾਸ ਕੀਤੀ।
ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸਨ ਬੁੰਗੇ
ਇਹ ਇਤਿਹਾਸਕ ਬੁੰਗੇ ਸਿੱਖ ਮਿਸਲਾਂ ਵੇਲੇ ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਬਣਵਾਏ ਗਏ ਸਨ। ਇਹ ਬੁੰਗੇ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣ ਅਤੇ ਨਿਗਰਾਨੀ ਦਾ ਕੰਮ ਵੀ ਕਰਦੇ ਸਨ। ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਇਹ ਨੁਕਸਾਨੇ ਗਏ ਸਨ। ਬਾਅਦ ਵਿੱਚ ਕੀਤੀ ਗਈ ਇਸ ਦੀ ਮੁਰੰਮਤ ਦੌਰਾਨ ਨਾ ਸਿਰਫ ਗੋਲੀਆਂ ਅਤੇ ਬੰਬਾਂ ਦੇ ਨਿਸ਼ਾਨ ਖਤਮ ਕਰ ਦਿੱਤੇ ਗਏ ਸਗੋਂ ਇਸ ਉਪਰ ਰੰਗ ਰੋਗਨ ਕਰਕੇ ਇਸ ਦਾ ਪੁਰਾਤਨ ਸਰੂਪ ਵੀ ਖਤਮ ਕਰ ਦਿੱਤਾ ਗਿਆ ਸੀ। ਲਗਪਗ ਦੋ ਦਹਾਕੇ ਪਹਿਲਾਂ ਸ਼ੁਰੂ ਹੋਇਆ ਇਸ ਦੀ ਸਾਂਭ ਸੰਭਾਲ ਅਤੇ ਮੁਰੰਮਤ ਦਾ ਕਾਰਜ ਅੱਧ ਵਿਚਾਲੇ ਲਟਕਿਆ ਹੋਇਆ ਸੀ, ਜਿਸ ਦੀ ਮੁੜ ਆਰੰਭਤਾ ਕੀਤੀ ਗਈ ਹੈ।