ਗੁਰਬਖਸ਼ਪੁਰੀ
ਤਰਨ ਤਾਰਨ, 3 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜ਼ਿਲ੍ਹੇ ਅੰਦਰ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਸਬੰਧੀ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਉਸ ਦੇ ਨਿੱਜੀ ਸਹਾਇਕ (ਪੀਏ) ਜਰਮਨਜੀਤ ਸਿੰਘ ਖ਼ਿਲਾਫ਼ ਇਕ ਪੀੜਤ ਪਰਿਵਾਰ ਵੱਲੋਂ ਸਥਾਨਕ ਥਾਣਾ ਸਦਰ ਵਿੱਚ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਅੱਜ ਅਕਾਲੀ ਦਲ ਦੇ ਵਰਕਰਾਂ ਵੱਲੋਂ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਉਰਫ਼ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਜਾ ਕੇ ਐੱਸਐੱਸਪੀ ਧਰੁਮਨ ਨਿੰਬਾਲੇ ਤੋਂ ਸਮੂਹਿਕ ਮੁਲਾਕਾਤ ਲਈ ਸਮਾਂ ਦੇਣ ਦੀ ਮੰਗ ਕੀਤੀ ਗਈ। ਅਧਿਕਾਰੀ ਨੇ ਉਨ੍ਹਾਂ ਦੇ ਪੰਜ ਆਗੂਆਂ ਨੂੰ ਦਫ਼ਤਰ ਆਉਣ ਲਈ ਆਖਿਆ, ਜਿਸ ਨੂੰ ਆਗੂਆਂ ਨੇ ਨਾਮਨਜ਼ੂਰ ਕਰ ਦਿੱਤਾ। ਇਸ ਮਗਰੋਂ ਵਰਕਰਾਂ ਨੇ ਰੋਸ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਸ਼ੁਰੂ ਕੀਤਾ| ਧਰਨੇ ਵਾਲੀ ਥਾਂ ’ਤੇ ਐੱਸਐੱਸਪੀ ਵੱਲੋਂ ਭੇਜੇ ਐੱਸਪੀ (ਹੈੱਡ ਕੁਆਰਟਰ) ਗੁਰਨਾਮ ਸਿੰਘ ਨੇ ਆ ਕੇ ਧਰਨਾਕਾਰੀਆਂ ਨੂੰ ਸਥਾਨਕ ਥਾਣਾ ਸਦਰ ਜਾ ਕੇ ਥਾਣਾ ਮੁਖੀ ਕੋਲ ਬਿਆਨ ਦਰਜ ਕਰਵਾਉਣ ਲਈ ਆਖਿਆ| ਇਸ ਤੋਂ ਬਾਅਦ ਬੰਟੀ ਰੋਮਾਣਾ ਦੀ ਅਗਵਾਈ ਵਿੱਚ ਪਿੰਡ ਭੁੱਲਰ ਦੇ ਇਕ ਪੀੜਤ ਪਰਿਵਾਰ ਦੀ ਔਰਤ ਕੰਵਲਜੀਤ ਕੌਰ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੇ ਉਸ ਦੇ ਨਿੱਜੀ ਸਹਾਇਕ ਜਰਮਨਜੀਤ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ। ਉਸ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਇਸ ਕਾਰਨਾਮੇ ਪਿੱਛੇ ਹਾਕਮ ਧਿਰ ਦੇ ਆਗੂਆਂ ਦਾ ਹੀ ਹੱਥ ਹੈ| ਪੁਲੀਸ ਨੇ ਅਜੇ ਤੱਕ ਇਸ ਸਬੰਧੀ ਕੇਸ ਦਰਜ ਨਹੀਂ ਕੀਤਾ ਸੀ|
ਇਸ ਮੌਕੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਇਕਬਾਲ ਸਿੰਘ ਸੰਧੂ ਆਦਿ ਨੇ ਵੀ ਸੰਬੋਧਨ ਕੀਤਾ| ਇਸ ਘਟਨਾ ਵਿੱਚ ਕੰਵਲਜੀਤ ਕੌਰ ਦੇ ਜੇਠ ਪ੍ਰਕਾਸ਼ ਸਿੰਘ (45) ਦੀ ਮੌਤ ਹੋਈ ਹੈ। ਪੀੜਤ ਔਰਤ ਨੇ ਹੋਰਨਾਂ ਨੂੰ ਵੀ ਇਸ ਮਾਮਲੇ ਵਿੱਚ ਅੱਗੇ ਆਉਣ ਦੀ ਅਪੀਲ ਕੀਤੀ ਹੈ।