ਚਰਨਜੀਤ ਭੁੱਲਰ
ਚੰਡੀਗੜ੍ਹ, 31 ਦਸੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੇਂ ਸਾਲ ਤੋਂ ਪਹਿਲਾਂ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਤਹਿਤ ਸਕੂਲੀ ਵਿਦਿਆਰਥੀਆਂ ਨੂੰ 44,015 ਸਮਾਰਟ ਫੋਨ ਵੰਡ ਕੇ ਪਹਿਲਾ ਪੜਾਅ ਮੁਕੰਮਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਨਵੇਂ ਵਰ੍ਹੇ ਦੀ ਮੁਬਾਰਕਬਾਦ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਇਸ ਸਾਲ ਦੇ ਅੰਤ ਤੱਕ 1,74,015 ਸਮਾਰਟ ਫੋਨ ਵੰਡੇ ਜਾਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਵਰਚੁਅਲ ਸਮਾਗਮ ਦੌਰਾਨ ਦੱਸਿਆ ਕਿ ਇਸ ਤੋਂ ਪਹਿਲਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 1.30 ਲੱਖ ਸਮਾਰਟ ਫੋਨ ਵੰਡੇ ਗਏ ਸਨ। ਅੱਜ ਸੂਬੇ ਦੇ 1101 ਸਕੂਲਾਂ ਵਿੱਚ ਨਾਲੋ-ਨਾਲ ਹੋਏ ਸਮਾਰਟ ਫੋਨ ਵੰਡ ਸਮਾਗਮਾਂ ਵਿੱਚ ਮੰਤਰੀਆਂ, ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੁਹਾਲੀ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਧੋਂ ਸੰਗਤੀਆਂ ਦੇ ਵਿਦਿਆਰਥੀ ਅਮਰੀਕ ਸਿੰਘ, ਅਨੁਜਦੀਪ ਸਿੰਘ, ਦਵਿੰਦਰ ਸਿੰਘ, ਗੁਰਤੇਜ ਸਿੰਘ, ਪਰਵੀਰ ਸਿੰਘ ਅਤੇ ਸਹਿਜਪ੍ਰੀਤ ਸਿੰਘ ਤੋਂ ਇਲਾਵਾ ਝੰਜੇੜੀ ਦੇ ਨਰਿੰਦਰ ਕੌਰ, ਖੁਸ਼ੀ ਰੁਕਸਾਨਾ ਅਤੇ ਸ਼ਿਵਾਨੀ ਦੇਵੀ ਨੇ ਮੁੱਖ ਮੰਤਰੀ ਪਾਸੋਂ ਸਮਾਰਟ ਫੋਨ ਪ੍ਰਾਪਤ ਕੀਤੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸਕੂਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਖੇਡ ਤੇ ਯੁਵਕ ਸੇਵਾਵਾਂ ਭਲਾਈ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਆਦਿ ਹਾਜ਼ਰ ਸਨ।
ਛੁੱਟੀਆਂ ਦੇ ਰੰਗ ’ਚ ਸਿਆਸੀ ਭੰਗ
ਮੁੱਖ ਮੰਤਰੀ ਦੇ ਸਮਾਰਟ ਫੋਨ ਵੰਡਣ ਦੇ ਅਚਨਚੇਤੀ ਰੱਖੇ ਸਮਾਗਮਾਂ ਨੇ ਸਕੂਲੀ ਅਧਿਆਪਕਾਂ ਦੀਆਂ ਛੁੱਟੀਆਂ ਵਿੱਚ ਭੰਗ ਪਾ ਦਿੱਤੀ। ਅੱਜ ਪੰਜਾਬ ਭਰ ਦੇ ਕਰੀਬ 1100 ਸਕੂਲਾਂ ਦੇ ਤਾਲੇ ਛੁੱਟੀ ਵਾਲੇ ਦਿਨ ਖੁੱਲ੍ਹੇ। ਅਧਿਆਪਕ ਇਸ ਗੱਲੋਂ ਖਫ਼ਾ ਸਨ ਕਿ ਇਹ ਸਮਾਗਮ ਛੁੱਟੀਆਂ ਵਿਚ ਕਿਉਂ ਕੀਤੇ ਗਏ। ਬਹੁਤੇ ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਪਰਿਵਾਰਾਂ ਸਮੇਤ ‘ਦਿੱਲੀ ਮੋਰਚੇ’ ’ਚ ਗਏ ਹੋਏ ਸਨ, ਜੋ ਇਨ੍ਹਾਂ ਸਮਾਗਮਾਂ ਕਰਕੇ ਰਾਤੋ ਰਾਤ ਵਾਪਸ ਸਕੂਲਾਂ ਵਿੱਚ ਪਰਤੇ।
ਕੈਪਟਨ ਨੇ ਭਾਜਪਾ ਦੇ ਕੂੜ ਪ੍ਰਚਾਰ ਨੂੰ ਨਕਾਰਿਆ਼
ਖਰੜ(ਪੱਤਰ ਪ੍ਰੇਰਕ): ਚੰਡੀਗੜ੍ਹ-ਖਰੜ ਐਲੀਵੇਟਿਡ ਕੌਰੀਡੋਰ ਸੂਬਾ ਵਾਸੀਆਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਝੂਠਾ ਪੇਸ਼ ਕਰਨ ਦੀ ਕੀਤੀ ਬੇਤੁਕੀ ਕੋਸ਼ਿਸ਼ ਦਰਸਾਉਂਦੀ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਆਗਾਮੀ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਵਿੱਚ ਆਪਣੇ ਖਾਤਮੇ ਦਾ ਡਰ ਸਤਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਅੱਗੇ ਪਾਉਣ ਲਈ ਰਾਜਪਾਲ ਨੂੰ ਕੀਤੀ ਬੇਨਤੀ ਦਰਸਾਉਂਦੀ ਹੈ ਕਿ ਭਾਜਪਾ ਲੀਡਰਸ਼ਿਪ ਚੋਣਾਂ ਸਿਰ ’ਤੇ ਆਉਣ ਕਾਰਨ ਪੂਰੀ ਤਰ੍ਹਾਂ ਬੁਖਲਾਹਟ ਵਿੱਚ ਹੈ। ਭਾਜਪਾ ਸੂਬਾਈ ਆਗੂਆਂ ਵੱਲੋਂ ਕਾਂਗਰਸ ਉੱਤੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਇਸ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਲਈ ਲਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।