ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 25 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਮਜਬੂਰੀ ਵਿਚ ਝੋਨੇ ਦੀ ਪਰਾਲੀ ਸਾੜਦੇ ਹਨ ਅਤੇ ਪਰਾਲੀ ਦੇ ਧੂੰਏਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਿਸਾਨ ਹੀ ਹੁੰਦੇ ਹਨ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਨਾਲ ਵਿਤਕਰੇ ਵਾਲਾ ਰਵੱਈਆ ਤਿਆਗ ਕੇ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ ਹੈ। ਰਾਏਕੋਟ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗ਼ਲਤ ਆਰਥਿਕ ਨੀਤੀਆਂ ਨੇ ਪੰਜਾਬ ਦੀ ਆਰਥਿਕਤਾ ਨੂੰ ਲੀਹੋਂ ਲਾਹ ਦਿੱਤਾ ਸੀ, ਪਰ ਹੁਣ ਉਹ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਦਿਨ ਰਾਤ ਲੱਗੇ ਹੋਏ ਹਨ।
ਖਜ਼ਾਨਾ ਮੰਤਰੀ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਲਈ ਪੰਜਾਬ ਦੇ ਕਿਸਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਹਨ। ਹੁਣ ਜਦੋਂ ਖੇਤੀ ਲਾਹੇਵੰਦ ਧੰਦਾ ਨਹੀਂ ਰਿਹਾ ਤਾਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬਾ ਸਰਕਾਰ ਆਪਣੇ ਤੌਰ ‘ਤੇ ਪਰਾਲੀ ਦੀ ਸੰਭਾਲ ਲਈ ਯਤਨ ਕਰ ਰਹੀ ਹੈ ਅਤੇ ਉਨ੍ਹਾਂ ਕਿਸਾਨਾਂ ਨੂੰ ਵੀ ਸੂਬਾ ਸਰਕਾਰ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਫ਼ੈਕਟਰੀਆਂ ਨੇ ਇਸ ਵਾਰ ਪਰਾਲੀ ਨੂੰ ਵਾਜਬ ਭਾਅ ‘ਤੇ ਖ਼ਰੀਦਣ ਦੀ ਹਾਮੀ ਭਰੀ ਹੈ।
ਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਸਬੰਧੀ ਚਰਚਾ
ਚੰਡੀਗੜ੍ਹ (ਟਨਸ): ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਮਿਉਂਸਿਪਲ ਠੋਸ ਕੂੜੇ ਤੇ ਰਹਿੰਦ-ਖੂੰਹਦ (ਐੱਮ.ਐੱਸ.ਡਬਲਿਊ.) ਦੇ ਚਿਰ ਸਥਾਈ ਤੇ ਸੁਚੱਜੇ ਹੱਲ ਤਲਾਸ਼ਣ ਲਈ ਠੋਸ ਕੂੜੇ ਤੋਂ ਵਾਤਾਵਰਨ ਪੱਖੀ ਊਰਜਾ ਅਤੇ ਬਾਇਓ ਫਿਊਲ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕੈਬਨਿਟ ਮੰਤਰੀ ਇਕ ਬਾਇਓ-ਫਿਊਲ ਕੰਪਨੀ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ।