ਪੱਤਰ ਪ੍ਰੇਰਕ
ਤਰਨ ਤਾਰਨ, 6 ਜਨਵਰੀ
ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਸੁਖਦੀਪ ਸਿੰਘ ਬੂਰਾ ਅਤੇ ਗੁਰਜੀਤ ਸਿੰਘ ਭਾਅ ਨੂੰ ਦਿੱਲੀ ਪੁਲੀਸ ਨੇ ਅੱਜ ਤਰਨ ਤਾਰਨ ਜ਼ਿਲ੍ਹਾ ਪੁਲੀਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਦੇ ਦਿੱਤਾ ਹੈ| ਮੁਲਜ਼ਮਾਂ ਨੂੰ ਲੈਣ ਲਈ ਤਰਨ ਤਾਰਨ ਦੀ ਪੁਲੀਸ ਪਿਛਲੇ ਹਫ਼ਤੇ ਤੋਂ ਦਿੱਲੀ ਪੁਲੀਸ ਨਾਲ ਸੰਪਰਕ ਕਰ ਰਹੀ ਸੀ। ਦਿੱਲੀ ਪੁਲੀਸ ਨੇ ਸੁਖਦੀਪ ਤੇ ਗੁਰਜੀਤ ਸਮੇਤ ਪੰਜ ਜਣਿਆਂ ਨੂੰ ਬੱਬਰ ਖਾਲਸਾ ਨਾਲ ਸਬੰਧਾਂ ਦੇ ਦੋਸ਼ਾਂ ਹੇਠ 7 ਦਸੰਬਰ ਨੂੰ ਦਿੱਲੀ ਤੋਂ ਕਾਬੂ ਕੀਤਾ ਸੀ| ਇਨ੍ਹਾਂ ਦੋਹਾਂ ਤੋਂ ਇਲਾਵਾ ਬਾਕੀ ਦੇ ਤਿੰਨ ਮੁਲਜ਼ਮਾਂ ’ਤੇ ਪਾਕਿਸਤਾਨ ਦੀ ਆਈਐੱਸਆਈ ਖੁਫੀਆ ਏਜੰਸੀ ਲਈ ਕੰਮ ਕਰਨ ਦਾ ਦੋਸ਼ ਹੈ। ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈਣ ਗਈ ਤਰਨ ਤਾਰਨ ਪੁਲੀਸ ਪਾਰਟੀ ਦੀ ਅਗਵਾਈ ਡੀਐੱਸਪੀ (ਜਾਂਚ) ਕਮਲਜੀਤ ਸਿੰਘ ਕਰ ਰਹੇ ਹਨ| ਐੱਸਪੀ (ਜਾਂਚ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਇੱਥੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।