ਪੱਤਰ ਪ੍ਰੇਰਕ
ਲੰਬੀ, 8 ਜੁਲਾਈ
ਪਿੰਡ ਮਾਹੂਆਣਾ ਦੇ ਕਿਸਾਨ ਬਲਜੀਤ ਸਿੰਘ (37) ਨੇ ਖੇਤ ਵਿੱਚ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਿਰਫ਼ ਦੋ-ਤਿੰਨ ਏਕੜ ਜ਼ਮੀਨ ਦਾ ਮਾਲਕ ਬਲਜੀਤ ਸਿੰਘ ਪੁੱਤਰ ਸੁਰਜੀਤ ਸਿੰੰਘ ਸਵੇਰ ਤੋਂ ਲਾਪਤਾ ਸੀ। ਬਾਅਦ ਵਿੱਚ ਪਰਿਵਾਰ ਨੂੰ ਉਸ ਦੀ ਲਾਸ਼ ਖੇਤ ਵਿੱਚ ਟਾਹਲੀ ਨਾਲ ਲਟਕਦੇ ਹੋਣ ਦੀ ਸੂਚਨਾ ਮਿਲੀ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਦੇ ਸਿਰ ਸੱਤ ਲੱਖ ਰੁਪਏ ਨਿੱਜੀ ਬੈਂਕ ਦੇ ਸੱਤ ਲੱਖ ਅਤੇ ਆੜ੍ਹਤੀਏ ਦੇ ਪੰਜ ਲੱਖ ਰੁਪਏ ਦੀ ਸਮੇਤ ਕੁੱਲ 13 ਲੱਖ ਦਾ ਕਰਜ਼ਾ ਸੀ। ਪਿੰਡ ਵਾਸੀਆਂ ਅਨੁਸਾਰ ਉਹ ਕਰੀਬ 25 ਏਕੜ ਠੇਕੇ ’ਤੇ ਲੈ ਵਾਹੀ ਕਰਦਾ ਸੀ ਅਤੇ ਐਤਕੀਂ ਝੋਨੇ ’ਚ ਪਾਣੀ ਨਾ ਖੜ੍ਹਨ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਬਲਜੀਤ ਸਿੰਘ ਦੇ ਪਰਿਵਾਰ ਵਿੱਚ ਪਿੱਛੇ ਪਤਨੀ, ਇੱਕ ਲੜਕਾ 12-13 ਸਾਲਾ ਅਤੇ ਬਜ਼ੁਰਗ ਪਿਤਾ ਹੈ। ਲੰਬੀ ਥਾਣੇ ਦੀ ਪੁਲੀਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ।
ਕਰਜ਼ੇ ਤੋਂ ਪ੍ਰੇਸ਼ਾਨ ਭੁਟਾਲ ਕਲਾਂ ਦੇ ਕਿਸਾਨ ਵੱਲੋਂ ਖੁਦਕੁਸ਼ੀ
ਲਹਿਰਾਗਾਗਾ (ਪੱਤਰ ਪ੍ਰੇਰਕ): ਪਿੰਡ ਭੁਟਾਲ ਕਲਾਂ ਦੇ ਇਕ ਨੌਜਵਾਨ ਕਿਸਾਨ ਬਲਕਾਰ ਸਿੰਘ ਕਾਲਾ ਪੁੱਤਰ ਨਾਹਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨ ਬਲਕਾਰ ਸਿੰਘ ਕੋਲ ਸਿਰਫ਼ ਚਾਰ ਏਕੜ ਜ਼ਮੀਨ ਸੀ ਪਰ ਕਰਜ਼ੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪੁਲੀਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ, ਜਿਸ ਦਾ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸਸਕਾਰ ਕਰ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਸੂਬਾ ਸਰਕਾਰ ਤੋਂ ਪੀੜਤ ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ, ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।