ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 3 ਨਵੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਹੈ ਕਿ ‘ਦਿ ਵਾਇਰ’ ਦੇ ਸੰਸਥਾਪਕ ਤੇ ਸੰਪਾਦਕ ਦੇ ਦਿੱਲੀ ਅਤੇ ਮੁੰਬਈ ਦਫ਼ਤਰਾਂ, ਘਰਾਂ ’ਤੇ ਇਕੋ ਵੇਲੇ ਛਾਪੇ ਮਾਰ ਕੇ ਮੀਡੀਆ ਅਦਾਰੇ ਨਾਲ ਸਬੰਧਤ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਨੂੰ ਜਬਰੀ ਲਿਜਾਣਾ ਗ਼ਲਤ ਹੈ।
ਇਸ ਕਾਰਵਾਈ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਨੇ ਪ੍ਰੈੱਸ ਦੀ ਆਜ਼ਾਦੀ, ਜਮਹੂਰੀ ਅਤੇ ਨਿੱਜੀ ਆਜ਼ਾਦੀ ਦੇ ਹੱਕਾਂ ’ਤੇ ਹੱਲਾ ਕਰਾਰ ਦਿੱਤਾ ਹੈ। ਕਮੇਟੀ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਭੀਮਾ ਕੋਰੇਗਾਓਂ ਕੇਸ ਵਾਂਗ ਇਤਰਾਜ਼ਯੋਗ ਸਮੱਗਰੀ ਦਰਸਾਉਣ ਦੇ ਰਾਹ ਖੁੱਲ੍ਹੇ ਰੱਖੇ ਗਏ ਹਨ ਕਿਉਂਕਿ ਸਾਜ਼ੋ-ਸਾਮਾਨ ਚੁੱਕਣ ਵੇਲੇ ਸਬੰਧਤ ਸੰਪਾਦਕਾਂ ਦੀ ਸਹਿਮਤੀ ਨਾਲ ਸੀਲਬੰਦ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ‘ਦਿ ਵਾਇਰ’ ਖ਼ੁਦ ਹੀ ਮਾਮਲੇ ਦੀ ਮੁੜ-ਪੜਤਾਲ ਕਰਦਿਆਂ ਰਿਪੋਰਟ ਰੱਦ ਕਰਕੇ ਜਨਤਕ ਮੁਆਫ਼ੀ ਵੀ ਮੰਗ ਚੁੱਕਾ ਹੈ, ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਅਮਿਤ ਮਾਲਵੀਆ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਣਹਾਨੀ, ਅਪਰਾਧਿਕ ਸਾਜ਼ਿਸ਼ ਵਰਗੇ ਦੋਸ਼ਾਂ ਤਹਿਤ ਐੱਫ਼ਆਈਆਰ ਦਰਜ ਕਰਨਾ ਅਤੇ ਛਾਪੇ ਮਾਰ ਕੇ ਜਬਰੀ ਸਾਮਾਨ ਚੁੱਕਣਾ ਧੱਕੜ ਤੇ ਗੈਰ-ਜਮਹੂਰੀ ਰਵੱਈਏ ਨੂੰ ਦਰਸਾਉਂਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਅਤੇ ਦੇਸ਼ ਦੀਆਂ ਸਮੂਹ ਜਮਹੂਰੀ, ਇਨਸਾਫ਼ਪਸੰਦ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਇਸ ਧੱਕੜ ਕਾਰਵਾਈ ਖਿਲਾਫ਼ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।