ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਸਤੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਵਿਚ ਸਿੱਖਾਂ ਦੇ ਗੁਰਦੁਆਰਿਆਂ ਦੀ ਹੋਂਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਪੁਲੀਸ ਥਾਣੇ ਅਤੇ ਕਬਰਾਂ ਬਣਾਉਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੇ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਕਰੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਚ ਗੁਰਦੁਆਰਿਆਂ ’ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਏ। ਉਨ੍ਹਾਂ ਕਿਹਾ ਕਿ ਵੰਡ ਸਮੇਂ ਸੈਂਕੜੇ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ ਹਨ ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਤਿਹਾਸਕ ਗੁਰਦੁਆਰਿਆਂ ਦੀਆਂ ਪੁਰਾਤਨ ਇਮਾਰਤਾਂ ਦੀ ਹੋਂਦ ਨੂੰ ਹੀ ਖ਼ਤਮ ਕਰ ਦਿੱਤਾ ਜਾਵੇ।
ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਸਾਹੀਵਾਲ ਸ਼ਹਿਰ ਦੀ ਗਾਲ੍ਹਾ ਮੰਡੀ ਵਿਚਲੇ ਗੁਰਦੁਆਰਾ ਗੁਰੂ ਸਿੰਘ ਸਭਾ ਦੀ ਇਮਾਰਤ ਨੂੰ ਪੁਲੀਸ ਥਾਣਾ ਸਿਟੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਗੁਰਦੁਆਰੇ ਦੇ ਦੀਵਾਨ ਹਾਲ ਆਦਿ ਨੂੰ ਕੈਦੀਆਂ ਲਈ ਹਿਰਾਸਤ ਵਾਲੀਆਂ ਕੋਠੜੀਆਂ ਵਿਚ ਤਬਦੀਲ ਕਰਨ ਦੇ ਨਾਲ-ਨਾਲ ਪ੍ਰਕਾਸ਼ ਅਸਥਾਨ ਨੰ ਮੁੱਖ ਅਧਿਕਾਰੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ। ਇਸੇ ਤਰ੍ਹਾਂ ਗੁਰਦੁਆਰਾ ਕਿੱਲਾ ਸਾਹਿਬ ਦੀ ਇਮਾਰਤ ਅੰਦਰ ਕਬਰ ਬਣਾ ਦਿੱਤੀ ਗਈ ਹੈ। ਭਾਈ ਲਾਲੋ ਜੀ ਨਾਲ ਸਬੰਧਤ ਗੁਰਦੁਆਰੇ ’ਤੇ ਵੀ ਇਕ ਪਰਿਵਾਰ ਵੱਲੋਂ ਕਬਜ਼ਾ ਕਰਨ ਦਾ ਜ਼ਿਕਰ ਹੈ।