ਗੁਰਬਖਸ਼ਪੁਰੀ
ਤਰਨ ਤਾਰਨ, 21 ਸਤੰਬਰ
ਪਿੰਡ ਨੌਸ਼ਹਿਰਾ ਪੰਨੂਆਂ ਦੇ ਬੱਸ ਅੱਡੇ ’ਤੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਪੁਲੀਸ ਮੁਲਾਜ਼ਮ ਨੇ ਆਪਣੇ ਪੰਜ ਅਣਪਛਾਤੇ ਹਮਾਇਤੀਆਂ ਨੂੰ ਰਲ ਕੇ ਇੱਕ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਮਗਰੋਂ ਵੱਡੀ ਗਿਣਤੀ ਲੋਕਾਂ ਵੱਲੋਂ ਉਕਤ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਫ਼ਰੀਦਕੋਟ ਜਾ ਰਹੀ ਉਕਤ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਰਵਿੰਦਰ ਸਿੰਘ ਨੇ ਬੱਸ ਵਿੱਚ ਸਫ਼ਰ ਕਰ ਰਹੇ ਪੰਜਾਬ ਪੁਲੀਸ ਦੇ ਮੁਲਾਜ਼ਮ ਨੂੰ ਸਰਕਾਰ ਵੱਲੋਂ ਜਾਰੀ ਕੀਤਾ ਵਾਊਚਰ ਦੇਣ ਲਈ ਕਿਹਾ ਸੀ, ਜਿਸ ਤੋਂ ਭੜਕੇ ਪੁਲੀਸ ਮੁਲਾਜ਼ਮ ਨੇ ਉਕਤ ਬੱਸ ਕੰਡਕਟਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਕਤ ਪੁਲੀਸ ਮੁਲਾਜ਼ਮਾਂ ਨੇ ਨੌਸ਼ਹਿਰਾ ਪੰਨੂਆਂ ਪਹੁੰਚਣ ਤੋਂ ਪਹਿਲਾਂ ਹੀ ਫੋਨ ਕਰਕੇ ਆਪਣੇ ਪੰਜ ਸਾਥੀਆਂ ਨੂੰ ਅੱਡੇ ’ਤੇ ਸੱਦ ਲਿਆ ਤੇ ਜਿਵੇਂ ਹੀ ਬੱਸ ਪਿੰਡ ਦੇ ਅੱਡੇ ’ਤੇ ਰੁਕੀ ਤਾਂ ਉਕਤ ਪੁਲੀਸ ਮੁਲਾਜ਼ਮ ਨੇ ਆਪ ਣੇ ਸਾਥੀਆਂ ਨਾਲ ਰਲ ਕੇ ਬੱਸ ਕੰਡਕਟਰ ਦੀਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਸਰਹਾਲੀ ਦੇ ਮੁਖੀ ਸਬ-ਇੰਸਪੈਕਟਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੁਲੀਸ਼ ਮੁਲਾਜ਼ਮ ਦੀ ਪਛਾਣ ਹੋ ਗਈ ਹੈ। ਉਹ ਅੰਮ੍ਰਿਤਸਰ ਵਿੱਚ ਤਾਇਨਾਤ ਹੈ। ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਇਸ ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਹੋਣੀ ਹਾਲੇ ਬਾਕੀ ਹੈ। ਬੱਸ ਕੰਡਕਟਰ ਦੀ ਸ਼ਿਕਾਇਤ ਦੇ ਆਧਾਰ ’ਤੇ ਉਕਤ ਪੁਲੀਸ ਮੁਲਾਜ਼ਮ ਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਫ਼ਿਲਹਾਲ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।