ਡੀ.ਪੀ.ਐੱਸ ਬੱਤਰਾ
ਸਮਰਾਲਾ, 23 ਅਗਸਤ
ਸਮਰਾਲਾ ਵਿਖੇ ਵੀਕੈਂਡ ਲਾਕਡਾਊਨ ਦੇ ਦੂਜੇ ਦਿਨ ਜਰੂਰੀ ਸੇਵਾਵਾਂ ਵਿਚ ਸ਼ਾਮਲ ਕਰਿਆਨਾ, ਕੰਨਫੈਕਸ਼ਨਰੀ, ਹਲਵਾਈ, ਫਰੂਟ ਅਤੇ ਸਬਜ਼ੀ ਵਿਕਰੇਤਾਵਾਂ ਆਦਿ ਦੀਆਂ ਦੁਕਾਨਾਂ ਨੂੰ ਪੁਲੀਸ ਵੱਲੋਂ ਬੰਦ ਕਰਵਾਏ ਜਾਣ ਉਪਰੰਤ ਦੁਕਾਨਦਾਰਾਂ ਅਤੇ ਆਮ ਲੋਕਾਂ ਵਿਚ ਭੰਬਲਭੁਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਹਾਲਾਕਿ ਪ੍ਰਸਾਸ਼ਨ ਵੱਲੋਂ ਪਹਿਲਾ ਵੀਕੈਂਡ ਲਾਕਡਾਊਨ ’ਤੇ ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਸੇਵਾਵਾਂ ਵਿਚ ਸ਼ਾਮਲ ਸਾਰੀਆਂ ਦੁਕਾਨਾ ਖੁਲ੍ਹੀਆਂ ਰੱਖਣ ਦਾ ਐਲਾਨ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਅੱਜ ਐਤਵਾਰ ਨੂੰ ਸ਼ਹਿਰ ਵਿਚ ਉਕਤ ਸਾਰੀਆਂ ਦੁਕਾਨਾਂ ਨੂੰ ਦੁਕਾਨਦਾਰਾਂ ਵੱਲੋਂ ਖੋਲ੍ਹਿਆ ਗਿਆ ਸੀ। ਪ੍ਰੰਤੂ ਅਚਾਨਕ ਸਥਾਨਕ ਪੁਲੀਸ ਵੱਲੋਂ ਇਨ੍ਹਾਂ ਸਾਰੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਨ ਲਈ ਕਹਿ ਦਿੱਤਾ ਗਿਆ। ਇਸ ਮਗਰੋਂ ਪੂਰਾ ਬਾਜ਼ਾਰ ਬੰਦ ਹੋ ਗਿਆ ਅਤੇ ਸ਼ਾਮ ਤੱਕ ਸਾਰੇ ਸ਼ਹਿਰ ਵਿਚ ਸਿਰਫ ਮੈਡੀਕਲ ਸਟੋਰ ਹੀ ਖੁਲ੍ਹੇ ਵਿਖਾਈ ਦਿੱਤੇ। ਇਸ ਸੰਬੰਧ ਵਿਚ ਜਦੋਂ ਸਥਾਨਕ ਐੱਸ.ਐੱਚ.ਓ. ਗੁਰਪ੍ਰਤਾਪ ਸਿੰਘ ਨੂੰ ਜਰੂਰੀ ਸੇਵਾਵਾਂ ਵਿਚ ਸ਼ਾਮਲ ਦੁਕਾਨਾਂ ਨੂੰ ਪੁਲੀਸ ਵੱਲੋਂ ਬੰਦ ਕਰਵਾਏ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਹੀ ਦੁਕਾਨਾਂ ਬੰਦ ਕਰਵਾਉਣ ਲਈ ਕਿਹਾ ਗਿਆ ਸੀ। ਜਿਸ ’ਤੇ ਪੁਲੀਸ ਨੇ ਇਨ੍ਹਾਂ ਦੁਕਾਨਾਂ ਨੂੰ ਬੰਦ ਕਰਵਾਇਆ ਸੀ, ਪਰ ਬਾਅਦ ਵਿਚ ਭੰਬਲਭੁਸੇ ਵਾਲੀ ਸਥਿਤੀ ਸਪਸ਼ਟ ਹੋ ਗਈ ਅਤੇ ਹੁਣ ਅਗਲੇ ਵੀਕੈਂਡ ’ਤੇ ਉਕਤ ਸਾਰੀਆਂ ਹੀ ਦੁਕਾਨਾਂ ਪ੍ਰਸਾਸ਼ਨ ਵੱਲੋਂ ਖੁਲ੍ਹੀਆਂ ਰੱਖੀਆਂ ਜਾਣਗੀਆਂ।