ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜਨਵਰੀ
‘ਆਪ’ ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ ’ਤੇ ਵਿਧਾਨ ਸਭਾ ਕਰਮਚਾਰੀ ਭਰਤੀਆਂ ਵਿੱਚ ਘੁਟਾਲਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਵਿਧਾਇਕਾਂ ਤੇ ਮੰਤਰੀਆਂ ਦੇ ਬੱਚਿਆਂ, ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਭਰਤੀ ਕਰਕੇ ਲਾਇਕ ਨੌਜਵਾਨਾਂ ਨੂੰ ਬਾਹਰ ਕੀਤਾ ਗਿਆ ਅਤੇ ਨਿਯਮਾਂ ਨੂੰ ਨੁੱਕਰੇ ਰੱਖ ਕੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਸੂਬੇ ਦੇ ਨੌਜਵਾਨਾਂ ਦੀ ਥਾਂ ’ਤੇ ਨੌਕਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਸਰਕਾਰ ਬਣਨ ਮਗਰੋਂ ਰੁਜ਼ਗਾਰ ਦੀ ਮੰਗ ਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ’ਤੇ ਪੁਲੀਸ ਤੋਂ ਲਾਠੀਚਾਰਜ ਕਰਵਾਏ ਹਨ। ਸ੍ਰੀ ਬੈਂਸ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਇੱਕ ਅਪਾਇੰਟਮੈਂਟ ਸੈੱਲ ਬਣਾਇਆ ਗਿਆ ਤੇ ਉਸ ਅਧੀਨ ਇੱਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਕਾਂਗਰਸ ਦੇ ਪ੍ਰਭਾਵ ਹੇਠ ਨਿਯੁਕਤੀ ਪੇਪਰਾਂ ’ਤੇ ਹਸਤਾਖ਼ਰ ਕੀਤੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਹਸਤਾਖ਼ਰ ਕਰਨ ਵਾਲੇ ਕਮੇਟੀ ਮੈਂਬਰਾਂ ਦੇ ਬੱਚਿਆਂ ਨੂੰ ਵੀ ਸੈੱਟ ਕੀਤਾ ਗਿਆ। ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਇਸ ਸਬੰਧੀ ਡੂੰਘਾਈ ਤੱਕ ਜਾਂਚ ਕੀਤੀ ਜਾਵੇਗੀ।
ਪੰਜਾਬ ਵਿੱਚ ਹੀ ਰੁਜ਼ਗਾਰ ਦੇ ਮੌਕੇ ਦੇਵੇਗੀ ‘ਆਪ’: ਭਗਵੰਤ ਮਾਨ
ਚੰਡੀਗੜ੍ਹ (ਟਨਸ): ਪੰਜਾਬ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਅੜਿੱਕਾ ਬੇਰੁਜ਼ਗਾਰੀ ਹੈ। ਇਸ ਕਰਕੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ ਤੇ ਪੰਜਾਬ ਦਾ ਪੈਸਾ ਤੇ ਹੁਨਰ ਦੋਵੇਂ ਵਿਦੇਸ਼ ਜਾ ਰਹੇ ਹਨ। ਪੰਜਾਬ ਦੀ ਤਰੱਕੀ ਲਈ ਨੌਜਵਾਨਾਂ ਦੇ ਹੁਨਰ ਅਤੇ ਉਰਜਾ ਦੇ ਇਸ ਪਰਵਾਸ ਨੂੰ ਰੋਕਣਾ ਸਭ ਤੋਂ ਜ਼ਰੂਰੀ ਹੈ। ਇਹ ਵਿਚਾਰ ‘ਆਪ’ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਲ 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਨੌਜਵਾਨਾਂ ਦੇ ਵੋਟ ਲਏ ਸਨ, ਪਰ ਸਰਕਾਰ ਬਣਨ ਤੋਂ ਬਾਅਦ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਥਾਂ ਸਰਕਾਰ ਨੇ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਆਗੂਆਂ ਦੇ ਬੱਚਿਆਂ ਤੇ ਪਰਿਵਾਰਾਂ ਨੂੰ ਹੀ ਨੌਕਰੀਆਂ ਵੰਡੀਆਂ ਹਨ। ‘ਆਪ’ ਪੰਜਾਬ ਦੇ ਪ੍ਰਧਾਨ ਨੇ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਪੰਜਾਬ ਦੇ ਹੁਨਰ ਅਤੇ ਪੈਸੇ ਨੂੰ ਬਾਹਰ ਜਾਣ ਤੋਂ ਰੋਕੇਗੀ ਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੁਜ਼ਗਾਰ ਤੇ ਪੇਸ਼ੇ ਦੇ ਸਮਰੱਥ ਮੌਕੇ ਉਪਲੱਬਧ ਕਰਵਾਏ ਜਾਣਗੇ। ਯੋਗਤਾ ਦੇ ਹਿਸਾਬ ਨਾਲ ਰੁਜ਼ਗਾਰ ਤੇ ਤਨਖ਼ਾਹ ਸਣੇ ਹੁਨਰਮੰਦ ਨੌਜਵਾਨਾਂ ਨੂੰ ਸਟਾਰਟਅਪ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲੱਭਣ ਵਾਲੇ ਨਹੀਂ ਸਗੋਂ ਰੁਜ਼ਗਾਰ ਦੇਣ ਯੋਗ ਬਣਾਉਣਾ ਹੈ।