ਗੁਰਿੰਦਰ ਸਿੰਘ
ਲੁਧਿਆਣਾ, 23 ਜਨਵਰੀ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪਿਛਲੇ 70 ਸਾਲਾਂ ਤੋਂ ਬਦਲ ਬਦਲ ਕੇ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਦੇ ਆਗੂ ਚੋਣਾਂ ਦੌਰਾਨ ਵੱਡੇ ਵੱਡੇ ਵਾਅਦੇ ਕਰਦੇ ਹਨ ਅਤੇ ਫਿਰ ਸੱਤਾ ’ਤੇ ਕਾਬਜ਼ ਹੋ ਕੇ ਸਾਰੇ ਕੀਤੇ ਵਾਅਦੇ ਭੁੱਲ ਜਾਂਦੇ ਹਨ। ਮੌਜੂਦਾ ਸਰਕਾਰ ਵੀ ਸਿਰਫ਼ ਲਾਰਿਆਂ ਦੀ ਸਰਕਾਰ ਹੀ ਸਾਬਤ ਹੋਈ ਹੈ ਕਿਉਂਕਿ ਸਰਕਾਰ ਵੱਲੋਂ ਕੀਤਾ ਗਿਆ ਕੋਈ ਵੀ ਵਾਅਦਾ ਹੁਣ ਤੱਕ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ।
ਉਹ ਹਲਕਾ ਆਤਮ ਨਗਰ ਦੇ ਵਾਰਡ ਨੰਬਰ 45 ਅਤੇ 47 ਦੇ ਵੱਖ ਵੱਖ ਮੁਹੱਲਿਆਂ ਵਿੱਚ ਨੁੱਕੜ ਮੀਟਿੰਗਾਂ ਦੌਰਾਨ ਸੰਬੋਧਨ ਕਰ ਰਹੇ ਸਨ। ਬੈਂਸ ਨੇ ‘ਆਪ’ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਤੋਂ ਪੰਜਾਬ ਦੇ ਵਿਕਾਸ ਦੀ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ 2017 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਦਿੱਲੀ ਨੂੰ ਜਾਂਦੇ ਪਾਣੀ ਦੀ ਕੀਮਤ ਦੇਣ ਦਾ ਵਾਅਦਾ ਕਰ ਕੇ ਭੁਲਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਰਿਵਾਇਤੀ ਸਿਆਸੀ ਪਾਰਟੀਆਂ ਤੋਂ ਜਾਣੂ ਹੋ ਗਏ ਹਨ ਤੇ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੌਰਾਨ ਇਨ੍ਹਾਂ ਨੂੰ ਨਕਾਰਦੇ ਹੋਏ ਲੋਕ ਇਨਸਾਫ਼ ਪਾਰਟੀ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ।
ਇਸ ਮੌਕੇ ਤਲਵਿੰਦਰ ਸਿੰਘ ਟੋਨੀ, ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ ਸਮੇਤ ਹੋਰ ਵੀ ਵਾਰਡ ਵਾਸੀ ਹਾਜ਼ਰ ਸਨ।