ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਜੂਨ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਪਿੰਡ ਚੱਕ ਬੀੜ ਸਰਕਾਰ ਦੇ ਪੋਲਿੰਗ ਬੂਥ ਵਿੱਚ ਆਪਣੀ ਵੋਟ ਭੁਗਤਾਈ। ਉਨ੍ਹਾਂ ਦੀ ਰਿਹਾਇਸ਼ ਇਸ ਬੂਥ ਦੇ ਨੇੜੇ ਹੀ ਥਾਂਦੇਵਾਲਾ ਰੋਡ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੈ। ਭਾਵੇਂ ਉਹ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਵਿਧਾਇਕ ਵੀ ਹਨ, ਪਰ ਉਨ੍ਹਾਂ ਆਪਣੀ ਰਿਹਾਇਸ਼ ਪੱਕੇ ਤੌਰ ’ਤੇ ਮੁਕਤਸਰ ਵਿਖੇ ਹੀ ਰੱਖੀ ਹੋਈ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਕਾਂਗਰਸੀ ਆਗੂ ਹਰਬੰਸ ਗਰੀਬ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਰਾਜਾ ਵੜਿੰਗ ਨੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਪਹਿਲਾਂ ਆਪਣੀ ਵੋਟ ਪਾਉਣ ਨੂੰ ਤਰਜੀਹ ਦਿੱਤੀ। ਮਗਰੋਂ ਉਹ ਲੁਧਿਆਣਾ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਨਾਲ ਜੇਤੂ ਰਹਿਣਗੇ।
ਪ੍ਰਤਾਪ, ਫ਼ਤਿਹ ਜੰਗ ਤੇ ਤ੍ਰਿਪਤ ਰਾਜਿੰਦਰ ਨੇ ਵੋਟ ਪਾਈ
ਕਾਦੀਆਂ (ਮਕਬੂਲ ਅਹਿਮਦ): ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਿੱਖ ਨੈਸ਼ਨਲ ਕਾਲਜ ਵਿਚ ਬਣੇ ਬੂਥ ਵਿੱਚ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕਾ ਕਾਦੀਆਂ ਚਰਨਜੀਤ ਕੌਰ ਅਤੇ ਪੁੱਤਰ ਕੁੰਵਰ ਬਾਜਵਾ ਨੇ ਵੀ ਵੋਟ ਪਾਈ। ਇਸ ਤੋਂ ਇਲਾਵਾ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਥਾਨਕ ਬਿਜਲੀ ਘਰ ਵਿੱਚ ਬਣੇ ਬੂਥ ਵਿੱਚ ਜਾ ਕੇ ਵੋਟ ਪਾਈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਆਪਣੀ ਪਤਨੀ ਪ੍ਰੀਤ ਕੌਰ ਬਾਜਵਾ ਨਾਲ ਬੂਥ ਨੰਬਰ 152 ਵਿਚ ਵੋਟ ਪਾਈ।