ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਸਤੰਬਰ
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਨੇ ਸੂਬੇ ਵਿੱਚ ਨਵੀਂ ਵਜ਼ਾਰਤ ਬਣਾਉਣ ਮੌਕੇ ਆਪਣੇ ਫ਼ਿਰਕੂ ਏਜੰਡੇ ਮੁਤਾਬਕ ਹੀ ਰਾਜਨੀਤੀ ਕੀਤੀ ਹੈ। ਕਦੇ ਜੱਟ ਸਿੱਖ, ਕਦੇ ਹਿੰਦੂ, ਕਦੇ ਔਰਤ ਅਤੇ ਕਦੇ ਦਲਿਤ ਸਿੱਖ ਨੂੰ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਚੁਣ ਕੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਦਾਅ ’ਤੇ ਲਾਇਆ ਹੈ।
ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਖੁਲਾਸਾ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਹੋਇਆ, ਜਦੋਂ ਨਵਾਂ ਮੁੱਖ ਮੰਤਰੀ ਬਣਾਉਣ ਦੀ ਕਵਾਇਦ ਚੱਲੀ। ਇਸ ਸਬੰਧੀ ਸਾਰੇ ਫ਼ੈਸਲੇ ਕਾਂਗਰਸ ਹਾਈ ਕਮਾਂਡ ਵੱਲੋਂ ਦਿੱਲੀ ਬੈਠ ਕੇ ਲਏ ਗਏ। ਪਹਿਲਾਂ ਇੱਕ ਹਿੰਦੂ ਨੂੰ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਸੀ, ਜਿਸ ਤਹਿਤ ਸੁਨੀਲ ਜਾਖੜ ਦਾ ਨਾਂ ਸਾਹਮਣੇ ਆਇਆ, ਫਿਰ ਅੰਬਿਕਾ ਸੋਨੀ ਬਾਰੇ ਚਰਚਾ ਸ਼ੁਰੂ ਹੋ ਗਈ। ਉਨ੍ਹਾਂ ਦੇ ਨਾਂਹ ਕੀਤੇ ਜਾਣ ਮਗਰੋਂ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਨਾਂ ਬਾਰੇ ਗੱਲ ਚੱਲੀ। ਅਚਨਚੇਤੀ ਘਟਨਾਕ੍ਰਮ ਬਦਲਿਆ ਅਤੇ ਇੱਕ ਦਲਿਤ ਭਾਈਚਾਰੇ ਨਾਲ ਸਬੰਧਤ ਸਿੱਖ ਵਿਅਕਤੀ ਨੂੰ ਮੁੱਖ ਮੰਤਰੀ ਲਈ ਸਾਹਮਣੇ ਲਿਆਂਦਾ ਗਿਆ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਹੋਰ ਆਗੂ ਹਾਜ਼ਰ ਸਨ।
ਕਾਂਗਰਸ ਦੀ ਫਿਰਕੂ ਰਾਜਨੀਤੀ ਤੋਂ ਸੁਚੇਤ ਰਹਿਣ ਦੀ ਅਪੀਲ
ਜੋਸ਼ੀ ਨੇ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਦੀ ਇਸ ਫ਼ਿਰਕੂ ਰਾਜਨੀਤੀ ਵਾਲੀ ਖੇਡ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਵੰਡੋ ਤੇ ਰਾਜ ਕਰੋ’ ਦੀ ਆਪਣੀ ਨੀਤੀ ਤਹਿਤ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਦਾਅ ’ਤੇ ਲਾਉਣ ਦਾ ਯਤਨ ਕੀਤਾ ਹੈ। ਕਿਸੇ ਯੋਗ ਵਿਅਕਤੀ ਨੂੰ ਜਾਤ-ਪਾਤ ਅਤੇ ਧਰਮ ਦੇ ਭੇਦ-ਭਾਵ ਤੋਂ ਬਿਨਾਂ ਸੂਬੇ ਦਾ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਸੀ।