ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 21 ਜਨਵਰੀ
ਆਮ ਆਦਮੀ ਪਾਰਟੀ ਪੰਜਾਬ ਨੇ ਈਡੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਕਰੋੜਾਂ ਰੁਪਏ ਬਰਾਮਦ ਕਰਨ ਦੇ ਮਾਮਲੇ ’ਚ ਕਾਂਗਰਸ ਪਾਰਟੀ ਵੱਲੋਂ ਐੱਸਸੀ ਵਰਗ ਦਾ ਨਾਂ ਵਰਤਣ ਦੀ ਸਖ਼ਤ ਨਿਖ਼ੇਧੀ ਕੀਤੀ ਹੈ। ਅੱਜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਗਰੀਬਾਂ ਅਤੇ ਐੱਸਸੀ ਵਰਗ ਨੂੰ ਹਮੇਸ਼ਾ ਵੋਟ ਬੈਂਕ ਲਈ ਵਰਤਿਆ ਹੈ ਪਰ ਕਦੇ ਵੀ ਇਨ੍ਹਾਂ ਨੂੰ ਸੰਵਿਧਾਨਕ ਅਤੇ ਮਨੁੱਖੀ ਹੱਕ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੇ ਪਰਿਵਾਰ ਤੇ ਰਿਸ਼ਤੇਦਾਰ ਅਤੇ ਕਾਂਗਰਸੀ ਆਗੂ ਐੱਸਸੀ ਵਰਗ ਦੇ ਨਾਂ ’ਤੇ ਵੱਡਾ ਦਾਗ ਹਨ, ਜਿਹੜੇ ਮਾਫੀਆ ਰਾਜ ਰਾਹੀਂ ਲੋਕਾਂ ਦੇ ਪੈਸੇ ਨੂੰ ਲੁੱਟ ਰਹੇ ਹਨ। ਇਸ ਲਈ ਕਾਂਗਰਸ ਪਾਰਟੀ ਅਤੇ ਚੰਨੀ ਸਰਕਾਰ ਕਾਲਾ ਧਨ ਛੁਪਾਉਣ ਲਈ ਐੱਸਸੀ ਵਰਗ ਦੇ ਨਾਂ ਦੀ ਵਰਤੋਂ ਕਰਨੀ ਬੰਦ ਕਰੇ ਕਿਉਂਕਿ ਹੁਣ ਐੱਸਸੀ ਵਰਗ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕਾ ਹੈ।