ਪਰਸ਼ੋਤਮ ਬੱਲੀ
ਬਰਨਾਲਾ, 18 ਨਵੰਬਰ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੇ ਅਖ਼ੀਰਲੇ ਦਿਨ ਅੱਜ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਪੈਦਲ ਮਾਰਚ ਕੀਤਾ ਗਿਆ। ਇਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸ਼ਿਰਕਤ ਕੀਤੀ। ਸਥਾਨਕ 16 ਏਕੜ ਵਿੱਚ ਪੈਦਲ ਮਾਰਚ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਕੱਤਰਤਾ ਹੋਈ।
ਇਸ ਮੌਕੇ ਸ੍ਰੀ ਚੰਨੀ ਨੇ ਕਿਹਾ ਕਿ ਪੈਦਲ ਮਾਰਚ ਲਈ ਆਪ ਮੁਹਾਰੇ ਜੁੜੇ ਲੋਕਾਂ ਦੇ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਰਨਾਲਾ ਸੀਟ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਰਹੀ ਹੈ। ‘ਆਪ’ ਸਰਕਾਰ ’ਤੇ ਵਰ੍ਹਦਿਆਂ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ’ਚ ਪੰਜਾਬ ’ਚ ਠੰਢ ਹੋਣ ਦੇ ਬਾਵਜੂਦ ਬਿਜਲੀ ਦੇ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 92,000 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ, ਫਿਰ ਵੀ ਲੋਕਾਂ ਲਈ ਵਿਕਾਸ ਜਾਂ ਠੋਸ ਸੁਧਾਰ ਦਾ ਕੋਈ ਰੋਡ ਮੈਪ ਨਹੀਂ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਸਭ ਵਾਅਦੇ ਖੋਖਲੇ ਨਿਕਲੇ। ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਸਾਡੇ ਕਿਸਾਨ ਫਸਲ ਲੈ ਕੇ ਮੰਡੀਆਂ ’ਚ ਰੁਲ ਰਹੇ ਹਨ। ਇਸ ਮੌਕੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਸੰਬੋਧਨ ਕੀਤਾ। ਪੈਦਲ ਮਾਰਚ 16 ਏਕੜ ਬਰਨਾਲਾ ਤੋਂ ਸ਼ੁਰੂ ਹੋਇਆ, ਜੋ ਬੱਸ ਸਟੈਂਡ, ਵਾਲਮੀਕਿ ਚੌਕ, ਅਗਰਸੈਨ ਚੌਕ, ਸਦਰ ਬਾਜ਼ਾਰ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ’ਤੇ ਜਾ ਕੇ ਖ਼ਤਮ ਹੋਇਆ।
ਮੀਤ ਹੇਅਰ ਤੇ ਧਾਲੀਵਾਲ ਵੱਲੋਂ ਘਰ-ਘਰ ਪ੍ਰਚਾਰ
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੇ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਪਿੰਡਾਂ ’ਚ ਵੱਡੇ ਚੋਣ ਜਲਸੇ ਕੀਤੇ ਅਤੇ ਬਰਨਾਲਾ ਸ਼ਹਿਰ ਵਿੱਚ ਘਰ-ਘਰ ਜਾ ਕੇ ਹਲਕਾ ਵਾਸੀਆਂ ਤੋਂ ਵਿਕਾਸ ਕਾਰਜਾਂ ਦੇ ਨਾਂ ’ਤੇ ਵੋਟਾਂ ਮੰਗੀਆਂ। ‘ਆਪ’ ਵੱਲੋਂ ਫਰਵਾਹੀ, ਧਨੌਲਾ, ਹੰਡਿਆਇਆ ਕੈਂਚੀਆਂ, ਸਰਾਂ ਕੋਠੇ, ਠੁੱਲ੍ਹੇਵਾਲ, ਸੰਘੇੜਾ ਤੇ ਭੱਦਲਵੱਢ ’ਚ ਜਿੱਥੇ ਚੋਣ ਸਭਾਵਾਂ ਕੀਤੀਆਂ ਗਈਆਂ ਉੱਥੇ ਬਰਨਾਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਨੁੱਕੜ ਮੀਟਿੰਗਾਂ ਅਤੇ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਯਕੀਨਨ 20 ਨਵੰਬਰ ਨੂੰ ਉਨ੍ਹਾਂ ਦੇ ਹੱਕ ’ਚ ਲੋਕ ਭੁਗਤਣਗੇ।