ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਦਸੰਬਰ
ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਲਈ ਮਹਿਲਾ ਕਾਂਗਰਸ ਵੱਲੋਂ ‘ਧੀ ਪੰਜਾਬ ਦੀ ਆਪਣਾ ਹੱਕ ਜਾਣਦੀ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਪੰਜਾਬ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਪ੍ਰਿਤਪਾਲ ਕੌਰ ਬਡਲਾ ਦੀ ਅਗਵਾਈ ਹੇਠ ਸਥਾਨਕ ਮੋਤੀ ਮਹਿਲ ਰੈਸਟਰਾਂ ਵਿੱਚ ਮਹਿਲਾ ਕਾਂਗਰਸ ਦੀ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਰਾਣੀ ਸੋਢੀ ਨੇ ਮੁਹਿੰਮ ਦਾ ਪੋਸਟਰ ਜਾਰੀ ਕਰਦਿਆਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮਹਿਲਾ ਕਾਂਗਰਸ ਵੱਲੋਂ ਤਿਆਰੀ ਵਿੱਢ ਦਿੱਤੀ ਗਈ ਹੈ। ਮਹਿਲਾਵਾਂ ਨੂੰ ਰਾਜਨੀਤੀ ਵਿਚ ਅੱਗੇ ਲਿਆਉਣ ਲਈ ਪਾਰਟੀ ਦੇ ਕੌਮੀ ਆਗੂ ਪ੍ਰਿਯੰਕਾ ਗਾਂਧੀ ਵਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਭਰ ਵਿੱਚ ਪਾਰਟੀ ਪੱਧਰ ’ਤੇ ਮਹਿਲਾਵਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮਹਿਲਾਵਾਂ ਨੂੰ ਜਿੱਤਣ ਦੀ ਕਾਬਲੀਅਤ ਅਨੁਸਾਰ ਟਿਕਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਵਿਚ ਇੱਕ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ਪ੍ਰਿਯੰਕਾ ਗਾਂਧੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋ ਕੇੇ ਮਹਿਲਾਵਾਂ ਨੂੰ ਲਾਮਬੰਦ ਕਰਨਗੇ।
ਪ੍ਰਿਤਪਾਲ ਕੌਰ ਬਡਲਾ ਨੇ ਕਿਹਾ ਕਿ ਕਾਂਗਰਸ ਵੱਲੋਂ ਔਰਤਾਂ ਨੂੰ ਅੱਗੇ ਵਧਣ ਦੇ ਅਨੇਕਾਂ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਮੌਕੇ ਸੁਖਜੀਤ ਕੌਰ ਪ੍ਰਧਾਨ ਜ਼ਿਲ੍ਹਾ ਬਰਨਾਲਾ, ਰਣਜੀਤ ਕੌਰ ਚੰਨੋਂ, ਗੁਰਮੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਰਖਵਿੰਦਰ ਕੌਰ, ਗੁਰਪ੍ਰੀਤ ਕੌਰ, ਪ੍ਰਵੀਨ ਕਾਂਗੜਾ ਤੇ ਹੋਰ ਹਾਜ਼ਰ ਸਨ।