ਚਰਨਜੀਤ ਭੁੱਲਰ
ਚੰਡੀਗੜ੍ਹ, 5 ਨਵੰਬਰ
ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਮਿਲਣ ਗਏ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਤਲਖੀ ਵਾਲੇ ਮਾਹੌਲ ਦੇ ਮੱਦੇਨਜ਼ਰ ਗੱਲ ਕਿਸੇ ਤਣ ਪੱਤਣ ਨਾ ਲਗਦੀ ਵੇਖ ਮੀਟਿੰਗ ’ਚੋਂ ਵਾਕਆਊਟ ਕਰ ਗਏ। ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਿਖਤੀ ਚਿੱਠੀ ਵੀ ਲੈ ਕੇ ਗਏ ਸਨ। ਗੱਲ ਸਿਰੇ ਨਾਲ ਲੱਗਣ ਕਰਕੇ ਹੁਣ ਸੰਸਦ ਮੈਂਬਰਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗਿਆ ਹੈ। ਕਾਂਗਰਸੀ ਸੰਸਦ ਮੈਂਬਰ ਰੇਲ ਮੰਤਰੀ ਵੱਲੋਂ ਲੰਮੀ ਉਡੀਕ ਕਰਵਾਏ ਜਾਣ ਤੋਂ ਖ਼ਫ਼ਾ ਸਨ।
ਉਧਰ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਰੇਲ ਮੰਤਰੀ ਨਾਲ ਮੀਟਿੰਗ ਮਗਰੋਂ ਦੱਸਿਆ ਕਿ ਪੰਜਾਬ ਸਰਕਾਰ ਲਿਖਤੀ ਰੂਪ ਵਿਚ ਰੇਲਵੇ ਦੀ ਸੁਰੱਖਿਆ ਦੀ ਗਰੰਟੀ ਦੇਵੇ ਅਤੇ ਉਸ ਮਗਰੋਂ ਹੀ ਰੇਲ ਮੰਤਰੀ ਨੇ ਟਰੇਨਾਂ ਸ਼ੁਰੂ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਪੰਜਾਬ ਵਿੱਚ ਰੇਲ ਮਾਰਗਾਂ ’ਤੇ ਵੱਖ ਵੱਖ ਥਾਈਂ ਲਾਏ ਧਰਨਿਆਂ ਦੀਆਂ ਤਸਵੀਰਾਂ ਵੀ ਵਿਖਾਈਆਂ।