ਰਾਕੇਸ਼ ਸੈਣੀ
ਨੰਗਲ, 14 ਜੂਨ
ਪੀਏਸੀਐੱਲ ਫੈਕਟਰੀ ਕਾਂਗਰਸ ਪਾਰਟੀ ਦੀ ਇਲਾਕੇ ਨੂੰ ਵੱਡੀ ਦੇਣ ਹੈ ਅਤੇ ਸੂਬਾ ਸਰਕਾਰ ਇਸ ਨੂੰ ਚਲਾਉਣ ’ਚ ਯਕੀਨ ਰੱਖਦੀ ਹੈ ਤਾਂ ਹੀ ਸੂਬੇ ਦੀ ਸੱਤਾ ਸੰਭਾਲਣ ਮਗਰੋਂ ਵੈਂਟੀਲੇਟਰ ਤੇ ਪੁੱਜ ਚੁੱਕੇ ਇਸ ਅਦਾਰੇ ਨੂੰ 125 ਕਰੋੜ ਦੀ ਲਾਗਤ ਨਾਲ ਨਵੀਨੀਕਰਨ ਕਰਕੇ ਮੁੜ ਪੈਰਾਂ ’ਤੇ ਖੜ੍ਹਾਇਆ ਹੈ। ਇਹ ਪ੍ਰਗਟਾਵਾ ਅੱਜ ਨੰਗਲ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ ਨੇ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਸਨ। ਉਨ੍ਹੲ ਕਿਹਾ ਕਿ ਪਹਿਲਾਂ 2700 ਯੂਨਿਟ ਬਿਜਲੀ ਪਰ ਮੀਟਰਿਕ ਟਨ ਖਰਚ ਆਉਂਦਾ ਸੀ, ਜਿਸ ਨੂੰ ਤਕਨੀਕ ਬਦਲਣ ਨਾਲ ਹੁਣ 2300 ਯੂਨਿਟ ਆ ਰਿਹੈ ਅਤੇ ਬਿਜਲੀ ਦੇ ਰੇਟ ਵੀ ਘਟਾਏ ਗਏ। ਇਸ ਫੈਕਟਰੀ ਦਾ ਮਾਲ ਕੋਵਿਡ-19 ਤੋਂ ਪਹਿਲਾਂ 42 ਹਜ਼ਾਰ ਪਰ ਮੀਟਰਿਕ ਟਨ ਵਿਕਦਾ ਸੀ, ਪਰ ਹੁਣ ਸਿਰਫ਼ 26 ਹਜ਼ਾਰ ਮੀਟਰਿਕ ਟਨ ਹੀ ਵਿਕ ਰਿਹੈ। ਉਨ੍ਹਾਂ ਘਾਟੇ ਦੇ ਬਾਵਜੂਦ ਇਸ ਫੈਕਟਰੀ ਨੂੰ ਚਲਾਉਣ ਦਾ ਫੈ਼ਸਲਾ ਲੈਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਧੰਨਵਾਦ ਕੀਤਾ। ਉਨ੍ਹਾਂ ਵਾਅਦਾ ਕੀਤਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੀ ਕਟੌਤੀ ਕੁੱਝ ਸਮੇਂ ਲਈ ਕੀਤੀ ਹੈ, ਜੋ ਕੋਵਿਡ ਮਗਰੋਂ ਹਲਾਤ ਬਿਹਤਰ ਹੋਣ ’ਤੇ ਦਿੱਤੀ ਜਾਵੇਗੀ। ਇਸ ਮੌਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਗ਼ਲਤ ਫੈਂਸਲਿਆਂ ਕਾਰਨ ਨਾ ਤਾਂ ਪਿਛਲੇ 75 ਦਿਨਾਂ ’ਚ ਕਰੋਨਾ ਨੂੰ ਰੋਕ ਸਕੀ ਹੈ ਅਤੇ ਨਾ ਹੀ ਦੇਸ਼ ਦੀ ਅਰਥ ਵਿਵਸਥਾ ਨੂੰ ਡਗਮਗਾਉਣ ਤੋਂ ਸਾਂਭ ਸਕੀ। ਊਨ੍ਹਾਂ ਕਿਹਾ ਕਿ ਜਦੋਂ ਦੇਸ਼ ਭਰ ਵਿੱਚ ਕਰੋਨਾ ਦੇ 381 ਕੇਸ ਸਨ ਤੇ 7 ਲੋਕਾਂ ਦੀ ਮੌਤ ਹੋਈ ਸੀ ਤਾਂ ਲੌਕਡਾਊਨ ਲਗਾ ਦਿੱਤਾ ਤੇ ਹੁਣ ਮਹਾਮਾਰੀ ਫੈਲਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ।