ਆਤਿਸ਼ ਗੁਪਤਾ
ਚੰਡੀਗੜ੍ਹ, 2 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਦੇ ਮੁੱਖ ਮੰਤਰੀ ਵਾਲੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਬਿਆਨ ਤੋਂ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਦਿੱਲੀ ਵਿੱਚ ਬੈਠੀ ਆਪਣੀ ਹਾਈਕਮਾਂਡ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਇਸ਼ਾਰੇ ’ਤੇ ਚੱਲਣ ਵਾਲੀ ਪਾਰਟੀ ਹੈ, ਜਿਨ੍ਹਾਂ ਨੇ ਵਿਧਾਇਕ ਦਲ ਦੀ ਸਿਫ਼ਾਰਸ਼ ਖ਼ਿਲਾਫ਼ ਆਪਣੀ ਮਨਮਰਜ਼ੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।
ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਆਪਣੇ ਵਿਧਾਇਕਾਂ ਦੀ ਮਰਜ਼ੀ ਖਿਲਾਫ਼ ਸਿਰਫ਼ ਆਪਣੀ ਸੰਤੁਸ਼ਟੀ ਲਈ ਦੋ ਵਿਧਾਇਕਾਂ ਦੀ ਹਮਾਇਤ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਜਨਤਾ ’ਤੇ ਥੋਪ ਦਿੱਤਾ ਹੈ। ਜਰਨੈਲ ਸਿੰਘ ਮੁਤਾਬਕ ਕਾਂਗਰਸ ਦੇ ਆਗੂ ‘ਆਪ’ ’ਤੇ ਦਿੱਲੀ ਤੋਂ ਚਲਾਏ ਜਾਣ ਦੇ ਦੋਸ਼ ਲਾਉਂਦੇ ਹਨ ਜਦਕਿ ਅਸਲੀਅਤ ਇਹ ਹੈ ਕਾਂਗਰਸ ਪਾਰਟੀ ਦਿੱਲੀ ਦੇ ਇਸ਼ਾਰੇ ’ਤੇ ਚੱਲਦੀ ਹੈ। ਮੁੱਖ ਮੰਤਰੀ ਚੰਨੀ ਇਸ ਦਾ ਸਬੂਤ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਹਾਈਕਮਾਂਡ ਹਰੇਕ ਰਾਜ ਵਿੱਚ ਆਪਣੀ ਪਸੰਦ ਦਾ ਮੁੱਖ ਮੰਤਰੀ ਬਣਾ ਕੇ ਲੋਕਾਂ ਦੇ ਸਿਰ ਮੜ੍ਹਦੇ ਹਨ, ਜਦਕਿ ‘ਆਪ’ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਉਮੀਦਵਾਰ ਬਣਾਉਣ ਲਈ ਲੋਕਾਂ ਤੋਂ ਰਾਇ ਲਈ ਅਤੇ ਪੰਜਾਬ ਦੇ ਲੋਕਾਂ ਦੀ ਪਸੰਦ ਦੇ ਅਨੁਸਾਰ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਉਮੀਦਵਾਰ ਐਲਾਨਿਆ ਹੈ।
‘ਕਾਂਗਰਸ ਪਹਿਲਾਂ ਸਵਾਲ ਕਰਦੀ ਹੈ ਫਿਰ ਨਕਲ’
ਉਨ੍ਹਾਂ ਕਿਹਾ ਕਿ ‘ਆਪ’ ਦੇ ਸਰਵੇ ’ਤੇ ਸਵਾਲ ਚੁੱਕਣ ਵਾਲੇ ਕਾਂਗਰਸੀ ਖ਼ੁਦ ਸਰਵੇ ਕਰਵਾ ਰਹੇ ਹਨ। ਕਾਂਗਰਸ ਹਰ ਮਾਮਲੇ ਵਿੱਚ ਪਹਿਲਾ ਸਵਾਲ ਕਰਦੀ ਹੈ, ਫਿਰ ‘ਆਪ’ ਦੀ ਨਕਲ ਕਰਦੀ ਹੈ। ਉਨ੍ਹਾਂ ਮੁਤਾਬਕ ਆਪਣੇ ਸਰਵੇ ਵਿੱਚ ਕਾਂਗਰਸ ਤਿੰਨ ਬਦਲ ਦੇ ਰਹੀ ਹੈ, ਪਹਿਲਾ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੰਘ ਸਿੱਧੂ ਅਤੇ ਤੀਜਾ ਇਨ੍ਹਾਂ ਵਿੱਚੋਂ ਕੋਈ ਨਹੀਂ ਹੈ ਜਦਕਿ ‘ਆਪ’ ਨੇ ਆਪਣੀ ਪਸੰਦ ਦਾ ਮੁੱਖ ਮੰਤਰੀ ਚੁਣਨ ਲਈ ਖੁੱਲ੍ਹਾ ਬਦਲ ਦਿੱਤਾ ਸੀ। ‘ਆਪ’ ਨੇਤਾ ਨੇ ਕਿਹਾ ਕਿ ਦਰਅਸਲ ਕਾਂਗਰਸ ਪਾਰਟੀ ਹਾਰ ਦੇ ਡਰ ਤੋਂ ਬੁਖਲਾ ਗਈ ਹੈ। ਹਾਰ ਦੇ ਡਰ ਤੋਂ ਹੀ ਮੁੱਖ ਮੰਤਰੀ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ ਪਰ ਉਹ ਦੋਵਾਂ ਥਾਵਾਂ ਤੋਂ ਹੀ ਚੋਣ ਹਾਰ ਜਾਣਗੇ।