ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ
ਪੰਜਾਬ ਕਾਂਗਰਸ ਤਰਫੋਂ ਹੁਣ ਕੇਂਦਰੀ ਆਰਡੀਨੈਂਸਾਂ ਦੇ ਮੁੱਦੇ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ‘ਡਿਜੀਟਲ ਲਹਿਰ’ ਵਿੱਢੀ ਜਾਵੇਗੀ ਜੋ ਕਾਂਗਰਸ ਦੇ ਜਨ ਅੰਦੋਲਨ ਦਾ ਹਿੱਸਾ ਹੋਵੇਗੀ। ਅੱਜ ਇੱਥੇ ਕਰੀਬ ਡੇਢ ਦਰਜਨ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਦੀ ਮੀਟਿੰਗ ਵਿਚ ਇਹ ਫੈਸਲਾ ਹੋਇਆ, ਜਿਸ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਮੀਟਿੰਗ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਸ਼ਾਮਿਲ ਸਨ। ਵੇਰਵਿਆਂ ਅਨੁਸਾਰ ਜਨ ਅੰਦੋਲਨ ਦੇ ਦੂਸਰੇ ਪੜਾਅ ਵਜੋਂ ਕਾਂਗਰਸ ਨੇ 25 ਜੂਨ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਇਸ ਦੀ ਸ਼ੁਰੂਆਤ ਪਹਿਲਾਂ ਫਤਹਿਗੜ੍ਹ ਸਾਹਿਬ ਤੋਂ 19 ਜੂਨ ਨੂੰ ਕੀਤੀ ਗਈ ਸੀ। ਅੱਜ ਮੀਟਿੰਗ ਵਿਚ ਬਹੁਤੇ ਵਿਧਾਇਕਾਂ ਦਾ ਮਸ਼ਵਰਾ ਸੀ ਕਿ ਕੋਵਿਡ ਕਰਕੇ ਵੱਡੇ ਇਕੱਠ ਕਰਨ ਦੀ ਮਨਾਹੀ ਹੈ ਜਿਸ ਕਰਕੇ ਸੋਸ਼ਲ ਮੀਡੀਆ ’ਤੇ ਕਿਸਾਨਾਂ ਲਈ ਮਾਰੂ ਬਣੇ ਕੇਂਦਰੀ ਆਰਡੀਨੈਂਸਾਂ ਖਿਲਾਫ਼ ਲਹਿਰ ਖੜ੍ਹੀ ਕੀਤੀ ਜਾਵੇ। ਪੰਜਾਬ ਕਾਂਗਰਸ ਦਾ ਆਈਟੀ ਵਿੰਗ ਇਹ ਮੁਹਿੰਮ ਸ਼ੁਰੂ ਕਰ ਸਕਦਾ ਹੈ। ਵਿਧਾਇਕਾਂ ਅਤੇ ਵਜ਼ੀਰਾਂ ਨੂੰ ਆਪਣੇ ਪੱਧਰ ‘ਤੇ ਅਜਿਹਾ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਪੈਫਲਿਟ ਵੀ ਸੋਸ਼ਲ ਮੀਡੀਆ ਤੇ ਬਣਾ ਕੇ ਪਾਏ ਜਾਣੇ ਹਨ। ਵਿਧਾਇਕਾਂ ਦਾ ਇਹ ਵੀ ਕਹਿਣਾ ਸੀ ਕਿ ਝੋਨੇ ਦੀ ਲੁਆਈ ਕਰਕੇ ਕਿਸਾਨ ਰੁਝੇਵੇਂ ਵਿਚ ਹਨ ਅਤੇ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਬਣਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾਵੇ। ’ਡਿਜੀਟਲ ਲਹਿਰ’ ਤਹਿਤ ਆਰਡੀਨੈਂਸਾਂ ਬਾਰੇ ਜਾਣਕਾਰੀ ਦੇਣ ਵਾਲੇ ਛੋਟੇ ਛੋਟੇ ਵੀਡੀਓ ਕਲਿੱਪ ਵੀ ਜਾਰੀ ਕੀਤੀ ਜਾਣਗੇ। ਅੱਜ ਦੀ ਮੀਟਿੰਗ ਵਿਚ ਵਿਧਾਇਕਾਂ ਅਤੇ ਵਜ਼ੀਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰੀ ਆਰਡੀਨੈਂਸ ਜਾਰੀ ਕਰਨ ਵਾਲੀ ਕੇਂਦਰ ਦੀ ਸਰਕਾਰ ਵਿਚ ਭਾਈਵਾਲ ਹੈ ਅਤੇ ਕਿਸਾਨਾਂ ਦੇ ਖਾਤਮੇ ਵਾਲੀ ਫੈਸਲੇ ’ਤੇ ਅਕਾਲੀਆਂ ਨੇ ਵੀ ਮੋਹਰ ਲਾਈ ਹੈ।
ਸੋਸ਼ਲ ਮੀਡੀਆ ਰਾਹੀਂ ਵੀ ਕੀਤਾ ਜਾਵੇਗਾ ਜਾਗਰੂਕ: ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੀਟਿੰਗ ਮਗਰੋਂ ਦੱਸਿਆ ਕਿ ਆਰਡੀਨੈਂਸਾਂ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਸੂਚਨਾ ਪਾਈ ਜਾਵੇਗੀ ਅਤੇ ਪੈਂਫਲਿਟ ਵੀ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਨ ਅੰਦੋਲਨ ਤਹਿਤ ਉਹ 25 ਜੂਨ ਨੂੰ ਗੁਰਦਾਸਪੁਰ ਤੇ ਪਠਾਨਕੋਟ ਵਿਚ ਪ੍ਰੋਗਰਾਮ ਕਰ ਰਹੇ ਹਨ। ਇਹ ਵੀ ਕਿਹਾ ਕਿ ਇੱਕ ਕੁਰਸੀ ਬਚਾਉਣ ਖਾਤਰ ਬਾਦਲ ਪਰਿਵਾਰ ਨੇ ਕੇਂਦਰ ਦੀ ਹਮਾਇਤ ਕੀਤੀ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੁਝ ਦਿਨਾਂ ਲਈ ਹੋਰ ਟਲ ਸਕਦਾ ਹੈ। ਪੰਜਾਬ ਦੀ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦੀ ਕੋਈ ਘਰੇਲੂ ਸਮੱਸਿਆ ਆ ਗਈ ਹੈ। ਜਾਖੜ ਨੇ ਦੱਸਿਆ ਕਿ ਕੁਝ ਦਿਨ ਦੇਰੀ ਹੋ ਸਕਦੀ ਹੈ ਪ੍ਰੰਤੂ ਉਨ੍ਹਾਂ ਤਰਫੋਂ ਸੂਚੀਆਂ ਫਾਈਨਲ ਕੀਤੀਆਂ ਜਾ ਚੁੱਕੀਆਂ ਹਨ। ਕੇਵਲ ਹਾਈ ਕਮਾਨ ਦੀ ਪ੍ਰਵਾਨਗੀ ਬਾਕੀ ਹੈ।