ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜਨਵਰੀ
ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ’ਤੇ ਦਲਿਤ ਵੋਟ ਲਈ ਮੁੱਖ ਮੰਤਰੀ ਚੰਨੀ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਪੰਜਾਬ ਵਿੱਚ ਆਪਣੇ ਆਗੂਆਂ ਦੇ ਪਰਿਵਾਰਕ ਮੈਂਬਰਾਂ ਅੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਹਨ ਪਰ ਮੁੱਖ ਮੰਤਰੀ ਚੰਨੀ ਦੇ ਭਰਾ ਦੀ ਟਿਕਟ ਕੱਟ ਦਿੱਤੀ ਹੈ। ਕਾਂਗਰਸ ਨੇ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਅਮਰ ਸਿੰਘ ਦੇ ਪੁੱਤ ਨੂੰ ਰਾਏਕੋਟ, ਅਵਤਾਰ ਹੈਨਰੀ ਦੇ ਪੁੱਤ ਨੂੰ ਜਲੰਧਰ, ਬ੍ਰਹਮ ਮਹਿੰਦਰਾ ਦੇ ਪੁੱਤ ਨੂੰ ਪਟਿਆਲਾ ਦਿਹਾਤੀ ਤੇ ਸੁਨੀਲ ਜਾਖੜ ਦੇ ਭਤੀਜੇ ਨੂੰ ਟਿਕਟ ਦਿੱਤੀ ਹੈ। ਇਸ ਤੋਂ ਜ਼ਾਹਰ ਹੋ ਗਿਆ ਹੈ ਕਿ ਕਾਂਗਰਸ ਵਿੱਚ ਚੰਨੀ ਦੀ ਬਿਲਕੁਲ ਵੀ ਨਹੀਂ ਚਲਦੀ। ਕਾਂਗਰਸ ਨੇ ਸਿਰਫ਼ ਦਲਿਤ ਭਾਈਚਾਰੇ ਦੀ ਵੋਟ ਲੈਣ ਲਈ ਚੰਨੀ ਨੂੰ ਕੁੱਝ ਦਿਨਾਂ ਲਈ ਮੁੱਖ ਮੰਤਰੀ ਬਣਾ ਕੇ ਵਰਤਿਆ ਹੈ।