ਇਕਬਾਲ ਸਿੰਘ ਸ਼ਾਂਤ
ਲੰਬੀ, 10 ਅਗਸਤ
ਮਰਹੂਮ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕਰਨ ਪੁੱਜੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੈਂਗਸਟਰਾਂ ਦਾ ਮਾਈ-ਬਾਪ ਹੈ। ਕਾਂਗਰਸ ਗੈਂਗਸਟਰਾਂ ਸਹਾਰੇ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੈਂਗਸਟਰਾਂ ਦੀ ਆਰਾਮਗਾਹ ਬਣਾਇਆ ਜਾ ਰਿਹਾ ਹੈ। ਮੁਖ਼ਤਾਰ ਅੰਸਾਰੀ ਨੂੰ ਜਿਸ ਮਾਮਲੇ ਸਬੰਧੀ ਪੰਜਾਬ ਦੀ ਜੇਲ੍ਹ ਵਿੱਚ ਲਿਆਂਦਾ ਗਿਆ, ਉਸ ਵਿੱਚ ਉਸ ਦਾ ਨਾਂ ਤੱਕ ਨਹੀਂ ਸੀ। ਸੁਪਰੀਮ ਕੋਰਟ ਦੀ ਸੁਣਵਾਈ ਕਾਰਨ ਉਸ ਨੂੰ ਇੱਥੋਂ ਭੇਜਿਆ ਗਿਆ।
ਜੱਗੂ ਭਗਵਾਨਪੁਰੀਏ ਦੇ ਮਸਲੇ ’ਤੇ ਜੇਲ੍ਹ ਮੰਤਰੀ ਰੰਧਾਵਾ ਨੂੰ ਘੇਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਭਗਵਾਨਪੁਰੀਏ ਖ਼ਿਲਾਫ਼ ਪੰਜਾਬ ਵਿੱਚ 44 ਕੇਸ ਦਰਜ ਹਨ, ਜਦੋਂਕਿ ਦਿੱਲੀ ਵਿੱਚ ਸਿਰਫ਼ ਇੱਕ ਕੇਸ ਹੈ। ਅਜਿਹੇ ਵਿੱਚ ਉਸ ਨੂੰ ਦਿੱਲੀ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਇਹ ਸਭ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਫੇਲ੍ਹ ਹੋਈ ਪਈ ਹੈ। ਸੂਬੇ ਦੇ ਵੱਡੇ ਸ਼ਹਿਰਾਂ ਮੁਹਾਲੀ, ਅੰਮ੍ਰਿਤਸਰ, ਫ਼ਰੀਦਕੋਟ ਵਿੱਚ ਕਤਲ ਹੋ ਰਹੇ ਹਨ, ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਲਈਆਂ ਜਾ ਰਹੀਆਂ ਹਨ ਤੇ ਜੇਲ੍ਹਾਂ ’ਚ ਬੈਠੇ ਮੁਲਜ਼ਮ ਸੂਬਾ ਚਲਾ ਰਹੇ ਹਨ, ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਮਜੀਠੀਆ ਨੇ ਵਿੱਕੀ ਮਿੱਡੂਖੇੜਾ ਦੇ ਪਿਤਾ ਗੁਰਦਿਆਲ ਸਿੰਘ ਅਤੇ ਵੱਡੇ ਭਰਾ ਅਜੈਪਾਲ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨਾਲ ਵਿਧਾਇਕ ਰੋਜ਼ੀ ਬਰਕੰਦੀ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਬੰਟੀ ਰੋਮਾਣਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਸਮੇਤ ਹੋਰ ਆਗੂ ਮੌਜੂਦ ਸਨ।
ਗੈਂਗਸਟਰ ਭੂਪੀ ਰਾਣਾ ਤੋਂ ਪੁੱਛ-ਪੜਤਾਲ
ਮੁਹਾਲੀ/ਜ਼ੀਰਕਪੁਰ (ਦਰਸ਼ਨ ਸੋਢੀ/ਹਰਜੀਤ ਸਿੰਘ) : ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਮਾਮਲੇ ਵਿੱਚ ਅੱਜ ਕੁਰੂਕਸ਼ੇਤਰ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਨੂੰ ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਤਿੰਨ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਐੱਸਐੱਸਪੀ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਭੂਪੀ ਰਾਣਾ ਤੋਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਵੱਲੋਂ ਵਿੱਕੀ ਮਿੱਡੂਖੇੜਾ ਕਤਲ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉੱਧਰ, ਇਸ ਬਹੁ-ਚਰਚਿਤ ਮਾਮਲੇ ਨੂੰ ਸੁਲਝਾਉਣਾ ਪੁਲੀਸ ਲਈ ਔਖਾ ਬਣਦਾ ਜਾ ਰਿਹਾ ਹੈ। ਅਦਾਲਤ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਤੇ ਅਮਨ ਕੁਮਾਰ ਜੈਤੋ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੁਲੀਸ ਨੂੰ ਗੈਂਗਸਟਰ ਵਿਨੈ ਦਿਓੜਾ ਵਾਸੀ ਫ਼ਰੀਦਕੋਟ ’ਤੇ ਸ਼ੱਕ ਹੈ। ਹੁਣ ਵਿਨੈ ਦਿਓੜਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਅਪਲੋਡ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਦਾ ਵਿੱਕੀ ਮਿੱਡੂਖੇੜਾ ਹੱਤਿਆ ਕਾਂਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉੱਧਰ, ਲਾਰੈਂਸ ਬਿਸ਼ਨੋਈ ਗਰੁੱਪ ਤੋਂ ਬਾਅਦ ਬੀਤੇ ਦਿਨ ਗੈਂਗਸਟਰ ਸੰਪਤ ਨਹਿਰਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਅਪਲੋਡ ਕਰ ਕੇ ਵਿੱਕੀ ਦੇ ਕਾਤਲਾਂ ਨੂੰ ਸੋਧਾ ਲਾਉਣ ਦੀ ਸਿੱਧੀ ਧਮਕੀ ਦਿੱਤੀ ਹੈ।