ਸ਼ਗਨ ਕਟਾਰੀਆ
ਜੈਤੋ, 3 ਫਰਵਰੀ
ਜੈਤੋ ਤੋਂ ਪੰਜਾਬੀ ਅਖ਼ਬਾਰ ਦੇ ਇੱਕ ਪੱਤਰਕਾਰ ਨੂੰ ਲੰਘੀ ਰਾਤ ਕਥਿਤ ਜਬਰੀ ਚੁੱਕ ਕੇ ਬੰਦੀ ਬਣਾਉਣ ਪਿੱਛੋਂ ਕੁੱਟਮਾਰ ਕੀਤੀ ਗਈ। ਇਸ ਮਾਮਲੇ ’ਚ ਜੈਤੋ ਪੁਲੀਸ ਨੇ ਛੇ ਅਣਪਛਾਤਿਆਂ ਤੋਂ ਇਲਾਵਾ ਚਾਰ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਕੇਸ ਦਰਜ ਕੀਤਾ ਹੈ।
ਪੀੜਤ ਅਨੁਸਾਰ ਉਹ ਆਪਣਾ ਦਫ਼ਤਰੀ ਕੰਮ ਨਬੇੜ ਕੇ ਰਾਤ ਕਰੀਬ 10 ਵਜੇ ਮੋਟਰਸਾਈਕਲ ’ਤੇ ਆਪਣੇ ਪਿੰਡ ਚੈਨਾ ਜਾ ਰਿਹਾ ਸੀ ਕਿ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਸ਼ਹਿਰ ਤੋਂ ਕੁਝ ਦੂਰੀ ’ਤੇ ਜਬਰੀ ਰੋਕ ਲਿਆ। ਇਸੇ ਦੌਰਾਨ ਸਾਹਮਣਿਓਂ ਸਵਿਫ਼ਟ ਕਾਰ ਆਈ, ਜਿਸ ਵਿੱਚ ਕਾਂਗਰਸੀ ਆਗੂ ਰਾਜਦੀਪ ਔਲਖ ਅਤੇ ਦੋ ਹੋਰ ਵਿਅਕਤੀ ਸਵਾਰ ਸਨ। ਸਾਰਿਆਂ ਨੇ ਰਲ ਕੇ ਉਸ ਨੂੰ ਕਾਰ ਦੀ ਪਿਛਲੀ ਸੀਟ ’ਤੇ ਸੁੱਟ ਲਿਆ ਅਤੇ ਕੁੱਟਮਾਰ ਕੀਤੀ। ਉਹ ਉਸ ਨੂੰ ਪਿੰਡ ਸੂਰਘੂਰੀ ਦੇ ਨਜ਼ਦੀਕ ਇੱਕ ਖੇਤ ਵਿਚਲੀ ਮੋਟਰ ’ਤੇ ਲੈ ਗਏ, ਜਿੱਥੇ ਉਨ੍ਹਾਂ ਦੇ ਹੋਰ ਸਾਥੀ ਆ ਗਏ। ਉਨ੍ਹਾਂ ਨੇ ਉਸ ਨੂੰ ਨਿਰਵਸਤਰ ਕਰ ਕੇ ਬੇਸਬਾਲਾਂ ਅਤੇ ਡੰਡਿਆਂ ਨਾਲ ਕੁੱਟਿਆ ਤੇ ਫ਼ੋਨ ਰਾਹੀਂ ਵੀਡੀਓ ਵੀ ਬਣਾਈਆਂ। ਮੁਲਜ਼ਮਾਂ ਨੇ ਉਨ੍ਹਾਂ ਖ਼ਿਲਾਫ਼ ਫੇਸਬੁੱਕ ’ਤੇ ਪੋਸਟਾਂ ਪਾਉਣ ਸਬੰਧੀ ਸਬਕ ਸਿਖਾਉਣ ਦੀ ਗੱਲ ਆਖੀ। ਮਗਰੋਂ ਪੀੜਤ ਨੂੰ ਕਾਰ ਵਿੱਚ ਬਿਠਾ ਕੇ ਉਸ ਦੇ ਪਿੰਡ ਛੱਡ ਦਿੱਤਾ ਗਿਆ। ਮੁਲਜ਼ਮਾਂ ਨੇ ਪੀੜਤ ਦਾ ਮੋਟਰਸਾਈਕਲ, ਦੋ ਮੋਬਾਈਲ ਅਤੇ ਪਰਸ ਆਪਣੇ ਕੋਲ ਰੱਖ ਲਏ। ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕਾਂਗਰਸੀ ਆਗੂ ਜਸਇਕਬਾਲ ਸਿੰਘ ਉਰਫ਼ ਰਾਜਦੀਪ ਸਿੰਘ ਔਲਖ, ਉਸ ਦੇ ਚਚੇਰੇ ਭਰਾ ਬੂਟਾ ਸਿੰਘ, ਰਮਨਦੀਪ ਸਿੰਘ ਰਮਨਾ ਅਤੇ ਜਸਪ੍ਰੀਤ ਸਿੰਘ ਜੱਸੂ ਤੋਂ ਇਲਾਵਾ ਅੱਧੀ ਦਰਜਨ ਅਣਪਛਾਤਿਆਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ।