ਰਾਮ ਸਰਨ ਸੂਦ
ਅਮਲੋਹ, 12 ਜਨਵਰੀ
ਵਿਧਾਨ ਸਭਾ ਹਲਕਾ ਅਮਲੋਹ ਵਿੱਚ ਕਾਂਗਰਸੀ ਵਰਕਰਾਂ ਅਤੇ ਮੌਜੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਵਿਚਾਲੇ ਚੱਲ ਰਹੀ ਖਿੱਚੋਤਾਣ ਉਸ ਵੇਲੇ ਖੁੱਲ੍ਹ ਸਾਹਮਣੇ ਆ ਗਈ, ਜਦੋਂ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਿੰਗਾਰਾ ਸਿੰਘ ਸਲਾਣਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਸੰਧੂ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਸੁਰਜੀਤ ਸਿੰਘ ਬਰੌਗਾ ਸਮੇਤ ਕਰੀਬ ਦੋ ਦਰਜਨ ਕਾਂਗਰਸੀ ਵਰਕਰਾਂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕ ਨਾਭਾ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਪਾਰਟੀ ਹਾਈਕਮਾਂਡ ਤੋਂ ਉਨ੍ਹਾਂ ਨੂੰ ਟਿਕਟ ਨਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਕੋਲ ਤੱਥਾਂ ’ਤੇ ਆਧਾਰਤ ਮਾਮਲਾ ਉਠਾ ਚੁਕੇ ਹਨ। ਉਨ੍ਹਾਂ ਕੇਰਲਾ ਵਿੱਚ ਕੁਦਰਤੀ ਆਫ਼ਤ ਸਮੇਂ ਕਰੋੜਾਂ ਰੁਪਏ ਇਕੱਠਾ ਕਰਕੇ ਕਿਸੇ ਨੂੰ ਵੀ ਰਸੀਦ ਨਾ ਦੇਣ, ਸੜਕਾਂ, ਪਾਰਕਾਂ, ਟੋਭਿਆਂ ਵਿੱਚ ਵੱਡੇ ਪੱਧਰ ’ਤੇ ਘਪਲਾ, ਪੰਚਾਂ-ਸਰਪੰਚਾਂ ਅਤੇ ਕੌਂਸਲ ਚੋਣਾਂ ਵਿੱਚ ਕਾਗਜ਼ ਰੱਦ ਕਰਵਾਉਣ, ਤਹਿਸੀਲ ਥਾਣੇ ਕਥਿਤ ਵੇਚਣ ਵਰਗੇ ਦੋਸ਼ ਲਾਉਂਦਿਆਂ ਮਾਮਲੇ ਦੀ ਪੜਤਾਲ ਕਰਵਾ ਕੇ ਸਾਫ਼ ਅਕਸ ਵਾਲੇ ਆਗੂ ਨੂੰ ਟਿਕਟ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਵਰਕਰਾਂ ਦੇ ਜਜ਼ਬਾਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਹਲਕੇ ਦੇ ਕਾਂਗਰਸੀ ਵੱਡਾ ਇਕੱਠ ਕਰਕੇ ਸਬੂਤਾਂ ਦੇ ਆਧਾਰ ’ਤੇ ਪੋਸਟਰ ਛਪਾ ਕੇ ਘਰ ਘਰ ਵੰਡਣਗੇ ਅਤੇ ਲੋਕਾਂ ਨੂੰ ਨਾਭਾ ਦਾ ਬਾਈਕਾਟ ਕਰਨ ਦਾ ਸੱਦਾ ਦੇਣਗੇ। ਇਸ ਸਬੰਧੀ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਲ ਸੰਪਰਕ ਕੀਤਾ ਗਿਆ ਪਰ ਮੀਟਿੰਗ ਵਿੱਚ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਮਿਲ ਸਕਿਆ। ਬਲਾਕ ਕਾਂਗਰਸ ਪ੍ਰਧਾਨ ਜਗਵੀਰ ਸਿੰਘ ਸਲਾਣਾ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਪ੍ਰੈੱਸ ਕਾਨਫੰਰਸ ਦੌਰਾਨ ਲਾਏ ਦੋਸ਼ਾਂ ਨੂੰ ਗਲਤ ਦੱਸਿਆ।