ਦਲਬੀਰ ਸੱਖੋਵਾਲੀਆ
ਬਟਾਲਾ, 27 ਦਸੰਬਰ
ਬਟਾਲਾ ਰੈਲੀ ਦੌਰਾਨ ਐਤਵਾਰ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਵਰਤੀ ਗਈ ਸ਼ਬਦਾਵਲੀ ਦਾ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸਖ਼ਤ ਵਿਰੋਧ ਕੀਤਾ ਹੈ। ਨਗਰ ਨਿਗਮ ਦੇ ਪ੍ਰਧਾਨ ਸੁਖਦੀਪ ਸਿੰਘ ਤੇਜਾ ਦੀ ਅਗਵਾਈ ਹੇਠ 30 ਕਾਂਗਰਸੀ ਕੌਂਸਲਰਾਂ ਨੇ ਇੱਕ ਮਤਾ ਪੇਸ਼ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਿੱਧੂ ਨੇ ਭਵਿੱਖ ਵਿੱਚ ਅਜਿਹੀ ਸ਼ਬਦੀਵਲੀ ਦੀ ਵਰਤੋਂ ਕੀਤੀ ਤਾਂ ਕਾਲੇ ਝੰਡਿਆਂ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਰੋਧੀ ਧਿਰ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਤੇ ‘ਆਪ’ ਆਗੂਆਂ ਨੇ ਵੀ ਸਿੱਧੂ ਵੱਲੋਂ ਵਰਤੀ ਮਾੜੀ ਸ਼ਬਦਾਵਲੀ ਦੀ ਨਿਖੇਧੀ ਕਰਦਿਆਂ ਇਸ ਨੂੰ ਨਿਵਾਣਾ ਵੱਲ ਜਾਂਦੀ ਰਾਜਨੀਤੀ ਕਰਾਰ ਦਿੱਤਾ। ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸਾਬਕਾ ਮੰਤਰੀ ਤੇ ਬਟਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਅਤੇ ‘ਆਪ’ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਸਿੱਧੂ ਦੀ ਸ਼ਬਦਾਵਲੀ ਨੂੰ ਅਸਭਿਅਕ ਕਰਾਰ ਦਿੰਦਿਆ ਕਾਂਗਰਸ ਹਾਈ ਕਮਾਨ ਤੋਂ ਮੰਗ ਕੀਤੀ ਹੈ ਕਿ ਸਿੱਧੂ ਨੂੰ ਮਰਿਯਾਦਾ ਸਿਖਾਉਣ। ਸਿੱਧੂ ਵੱਲੋਂ ਪੰਜਾਬ ਪੁਲੀਸ ਦੇ ਇਸਪੈਕਟਰ ਲਈ ਵਰਤੀ ਸ਼ਬਦਾਵਲੀ ਤੋਂ ਪੁਲੀਸ ਅਧਿਕਾਰੀ, ਮੁਲਾਜ਼ਮ ਤੇ ਸੇਵਾਮੁਕਤ ਮੁਲਾਜ਼ਮ ਵੀ ਸਖ਼ਤ ਖਫ਼ਾ ਹਨ।
ਸਿੱਧੂ ਆਪਣੀ ਸ਼ਬਦਾਵਲੀ ਲਈ ਮੁਆਫ਼ੀ ਮੰਗਣ: ਚੀਮਾ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਵਰਤੀ ਸ਼ਬਦਾਵਲੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਮੁਆਫ਼ੀ ਮੰਗਣ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਗੂ ਨੂੰ ਸਮਝਾਉਣ ਕਿ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਬਿਆਨਬਾਜ਼ੀ ਤੇ ਉਨ੍ਹਾਂ ਦਾ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਤੋਂ ਗੁਰੇਜ ਕੀਤਾ ਜਾਵੇ ਤੇ ਪਹਿਲਾਂ ਕੀਤੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ ਜਾਵੇ।