ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਦਸੰਬਰ
ਕਾਂਸਟੇਬਲ ਭਰਤੀ ਵਿੱਚ ਹੋਈ ਕਥਿਤ ਘਪਲੇਬਾਜ਼ੀ ਖ਼ਿਲਾਫ਼ ਅੱਠ ਦਿਨਾਂ ਤੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਡਟੇ ਨੌਜਵਾਨ ਮੁੰਡੇ-ਕੁੜੀਆਂ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਸਥਿਤ ਰਿਹਾਇਸ਼ ਤੱਕ ਡੰਡੌਤ ਮਾਰਚ ਸ਼ੁਰੂ ਕੀਤਾ ਹੈ। ਇਹ ਧਰਨਾਕਾਰੀ ਡੰਡੌਤ ਕਰਦੇ ਹੋਏ ਖਰੜ ਪੁੱਜਣਗੇ ਜਿੱਥੇ 10 ਦਸੰਬਰ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
ਸਥਾਨਕ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਵਿੱਚ ਧਰਨੇ ਵਾਲੀ ਥਾਂ ਤੋਂ ਅੱਜ ਨਾਅਰਿਆਂ ਦੀ ਗੂੰਜ ਹੇਠ ਇਹ ਮਾਰਚ ਸ਼ੁਰੂ ਹੋਇਆ। ਇਸ ਮੌਕੇ ਜਸਪਾਲ ਸਿੰਘ, ਦਵਿੰਦਰ ਧੂਰੀ, ਦਵਿੰਦਰ ਖੰਨਾ ਤੇ ਰਮਨ ਗਿੱਲ ਮਾਨਸਾ ਨੇ ਦੱਸਿਆ ਕਿ ਸੰਯੁਕਤ ਪੀਪੀ ਬੇਰੁਜ਼ਗਾਰ ਸੰਘਰਸ਼ ਮੋਰਚਾ ਦੀ ਟੀਮ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ ਕਿ 10 ਦਸੰਬਰ ਨੂੰ ਮੁੱਖ ਮੰਤਰੀ ਦੀ ਖਰੜ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਸਟੇਬਲ ਦੀ ਭਰਤੀ ਲਈ ਜੋ ਪ੍ਰੀਖਿਆ ਲਈ ਗਈ ਸੀ, ਉਸ ਵਿਚ ਘੱਟ ਨੰਬਰ ਲੈਣ ਵਾਲਿਆਂ ਨੂੰ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ, ਜਦਕਿ ਵੱਧ ਨੰਬਰਾਂ ਵਾਲੇ ਨਜ਼ਰਅੰਦਾਜ਼ ਕੀਤੇ ਗਏ ਹਨ। ਜਾਰੀ ਕੀਤੀ ਮੈਰਿਟ ਸੂਚੀ ਵਿੱਚ ਨੰਬਰ ਜਾਂ ਫੀਸਦ ਦਾ ਕੋਈ ਅੰਕੜਾ ਨਹੀਂ ਦਿੱਤਾ ਗਿਆ। ਇਸ ਲਈ ਉਨ੍ਹਾਂ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਜਾਰੀ ਮੈਰਿਟ ਸੂਚੀ ਵਾਲਿਆਂ ਦੇ ਨੰਬਰ ਜਨਤਕ ਕੀਤੇ ਜਾਣ ਤੇ ਪੰਜਾਬ ਪੁਲੀਸ ਦੇ ਇਸ਼ਤਿਹਾਰ ਮੁਤਾਬਕ ਨਿਸ਼ਚਿਤ ਫੀਸਦ ਨੰਬਰਾਂ ਵਾਲਿਆਂ ਨੂੰ ਭਰਤੀ ਟਰਾਇਲ ਲਈ ਬੁਲਾਇਆ ਜਾਵੇ।