ਸ਼ਗਨ ਕਟਾਰੀਆ
ਬਠਿੰਡਾ, 30 ਨਵੰਬਰ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀ ਅਗਵਾਈ ’ਚ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਵੱਲੋਂ ਇੱਥੇ ਬੀਬੀ ਵਾਲਾ ਚੌਕ ਨੇੜੇ ਬਠਿੰਡਾ-ਚੰਡੀਗੜ੍ਹ (ਕੌਮੀ ਸ਼ਾਹ ਰਾਹ-7) ’ਤੇ ਧਰਨਾ ਲਾਇਆ ਗਿਆ ਹੈ। ਪ੍ਰਦਰਸ਼ਨਕਾਰੀ ਦੋਸ਼ ਲਾ ਰਹੇ ਹਨ ਕਿ ਪੰਜਾਬ ਸਰਕਾਰ ਨੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਨਾਲ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਪਿਛਲੇ ਦਿਨੀਂ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦੇ ਸਰਕਾਰੀ ਐਲਾਨ ਦੀ ਉਹ ਕਿਸੇ ਮਦ ’ਚ ਸ਼ਾਮਲ ਨਹੀਂ ਕੀਤੇ ਗਏ। ਵਿਖਾਵਾਕਾਰੀਆਂ ਦੀ ਮੰਗ ਹੈ ਕਿ ਸਰਕਾਰ ਬਗ਼ੈਰ ਦੇਰੀ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰੇ। ਇਸ ਜਾਮ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਪੰਜਾਬ ਵਿੱਚ ਲੱਗਦੇ ਨਿੱਤ ਧਰਨਿਆਂ ਨੇ ਪ੍ਰੇਸ਼ਾਨ ਕਰ ਦਿੱਤਾ ਹੈ।
ਫਿਲੌਰ(ਸਰਬਜੀਤ ਗਿੱਲ): ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ। ਲੁਧਿਆਣਾ ਅਤੇ ਜਲੰਧਰ ਦੀ ਹੱਦ ’ਤੇ ਸਤਲੁਜ ਦਰਿਆ ਦੇ ਨਾਲ ਮੁਲਾਜ਼ਮਾਂ ਨੇ ਸੜਕ ਵਿਚਕਾਰ ਧਰਨਾ ਲਗਾ ਦਿੱਤਾ। ਧਰਨੇ ਕਾਰਨ ਕਰੀਬ ਦਸ ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗ ਗਈਆਂ। ਡੀਐੱਸਪੀ ਫਿਲੌਰ ਤੋਂ ਬਿਨ੍ਹਾਂ ਫਿਲੌਰ, ਗੁਰਾਇਆ ਅਤੇ ਬਿਲਗਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਧਰਨਾਕਾਰੀ ਆਪਣੀਆਂ ਮੰਗਾਂ ਲਈ ਅਣਮਿਥੇ ਸਮੇਂ ਲਈ ਸੜਕ ਜਾਮ ਕਰਕੇ ਬੈਠ ਗਏ ਹਨ। ਐੱਸਡੀਐੱਮ ਫਿਲੌਰ ਸਥਿਤੀ ’ਤੇ ਨਿਗਰਾਨੀ ਰੱਖ ਰਹੇ ਹਨ। ਵਾਹਨਾਂ ਦੇ ਜਾਮ ਕਾਰਨ ਖਾਸ ਕਰ ਬੱਸਾਂ ’ਚ ਬੈਠੀਆਂ ਸਵਾਰੀਆਂ ਪ੍ਰੇਸ਼ਾਨ ਸਨ।