ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਮਈ
ਸਿਹਤ ਵਿਭਾਗ ਵਿੱਚ ਕੰਟਰੈਕਟ ’ਤੇ ਕੰਮ ਕਰਦੀਆਂ ਮਲਟੀਪਰਪਜ਼ ਹੈਲਥ ਫੀਮੇਲ ਵਰਕਰਾਂ ਵੱਲੋਂ ਸੇਵਾਵਾਂ ਪੱਕੀਆਂ ਕਰਾਉਣ ਅਤੇ ਸਿੱਧੀ ਰੈਗੂਲਰ ਭਰਤੀ ਕਰਨ ਦੀ ਬਜਾਏ ਸ਼ਰਤਾਂ ਪੂਰੀਆਂ ਕਰਨ ਵਾਲੀਆਂ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨ ਦੀ ਮੰਗ ਸਬੰਧੀ ਸੈਂਕੜੇ ਵਰਕਰਾਂ ਵੱਲੋਂ ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ। ਵਰਕਰਾਂ ਨੇ ਸੰਗਰੂਰ-ਪਟਿਆਲਾ ਬਾਈਪਾਸ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ। ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਜੀਤ ਕੌਰ ਮੁਹਾਲੀ ਅਤੇ ਸਰਬਜੀਤ ਕੌਰ ਜਲੰਧਰ ਦੀ ਅਗਵਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਵਰਕਰਾਂ ਇਥੇ ਮਿਲਕ ਪਲਾਂਟ ਅੱਗੇ ਇਕੱਠੀਆਂ ਹੋਈਆਂ, ਜਿਥੋਂ ਮੁੱਖ ਮੰਤਰੀ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ। ਪੁਲੀਸ ਵੱਲੋਂ ਸਖ਼ਤ ਨਾਕਾਬੰਦੀ ਕਰਕੇ ਵਰਕਰਾਂ ਨੂੰ ਰੋਕਿਆ ਗਿਆ, ਜਿਸ ਕਾਰਨ ਸੈਂਕੜੇ ਵਰਕਰਾਂ ਵੱਲੋਂ ਕਲੋਨੀ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ਕੌਰ ਮੂਨਕ, ਸੁਸ਼ਮਾ ਅਰੋੜਾ, ਰਣਦੀਪ ਫਤਹਿਗੜ੍ਹ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਨੂੰ ਪਹਿਲ ਦੇ ਆਧਾਰ ’ਤੇ ਤਿੰਨ ਸਾਲਾਂ ਜਾਂ ਦਸ ਸਾਲਾਂ ਪਾਲਿਸੀ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ ਕਿਉਂਕਿ ਵਿਭਾਗ ਵਿਚ ਇਹ ਵਰਕਰਾਂ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ’ਚੋਂ ਕਈ ਵਰਕਰਾਂ ਬਗੈਰ ਰੈਗੂਲਰ ਹੋਇਆਂ ਸੇਵਾਮੁਕਤ ਵੀ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਕੋਈ ਲਾਭ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਨੂੰ ਰੈਗੂਲਰ ਕਰਨ ਦੀ ਬਜਾਏ ਸਰਕਾਰ ਨੇ ਪਿਛਲੇ ਦਿਨੀਂ 808 ਅਸਾਮੀਆਂ ਰੈਗੂਲਰ ਭਰਤੀ ਨੂੰ ਮਨਜ਼ੂਰੀ ਦਿੱਤੀ ਹੈ, ਜੋ ਕਿ ਵਰਕਰਾਂ ਨਾਲ ਘੋਰ ਬੇਇਨਸਾਫ਼ੀ ਹੈ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੀਤਾ ਰਾਮ ਸ਼ਰਮਾ, ਜਨਰਲ ਸਕੱਤਰ ਸਵਰਨ ਸਿੰਘ ਅਕਬਰਪੁਰ, ਦਿ ਕਲਾਸ ਫੋਰ ਜਥੇਬੰਦੀ ਦੇ ਮੇਲਾ ਸਿੰਘ ਪੁੰਨਾਂਵਾਲ, ਕੰਟਰੈਕਟ ਜਥੇਬੰਦੀ ਦੇ ਸਲਾਹਕਾਰ ਅਮਰੀਕ ਸਿੰਘ ਧਾਲੀਵਾਲ ਆਦਿ ਨੇ ਵੀ ਸੰਬੋਧਨ ਕੀਤਾ।