ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੂਨ
ਪੁਲੀਸ ਦੀ ਵਰਦੀ ਪਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਨੌਂ ਮੈਂਬਰੀ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲੀਸ ਨੇ ਇਸ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਗਰੋਹ ਖ਼ਿਲਾਫ਼ ਜਿਥੇ ਪਹਿਲਾਂ ਹੀ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਯੂਪੀ ਵਿੱਚ ਕਤਲ, ਲੁੱਟ-ਖੋਹ, ਡਕੈਤੀ ਅਤੇ ਧੋਖਾਧੜੀ ਵਰਗੀਆਂ ਵਾਰਦਾਤਾਂ ਦੇ 53 ਕੇਸ ਦਰਜ ਹਨ, ਉਥੇ ਹੁਣ ਪੁੱਛਗਿੱਛ ਦੌਰਾਨ 30 ਹੋਰ ਵਾਰਦਾਤਾਂ ਦਾ ਖੁੁਲਾਸਾ ਹੋਇਆ ਹੈ। ਕੁੱਲ 83 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਇਹ ਗਰੋਹ ਮੂਲ ਰੂਪ ਵਿੱਚ ਹਰਿਆਣਾ ਨਾਲ ਸਬੰਧਤ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਇੱਕ ਦੋਨਾਲੀ ਬੰਦੂਕ, ਪੁਲੀਸ ਦੀਆਂ ਵਰਦੀਆਂ ਅਤੇ ਦੋ ਕਾਰਾਂ ਸਮੇਤ ਕੁਝ ਦਿਨ ਪਹਿਲਾਂ ਪਟਿਆਲਾ ਦੇ ਪਿੰਡ ਦੁਗਾਲ ਤੋਂ ਇੱਕ ਵਪਾਰੀ ਕੋਲੋਂ ਲੁੁੱਟੀ ਗਈ 3 ਲੱਖ ਦੀ ਨਗਦੀ ਵੀ ਬਰਾਮਦ ਕੀਤੀ ਗਈ ਹੈ।
ਅੱਜ ਇਥੇ ਪ੍ਰੈੱਸ ਕਾਨਫਰੰਸ ਕਰਦਿਆਂ ਪਟਿਆਲਾ ਦੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਗਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ’ਚ ਸਰਗਨੇ ਵਿਜੇ ਕੁਮਾਰ ਪੁੱਤਰ ਸਿੱਤੂ, ਸੰਜੀਵ ਪੁੱਤਰ ਸੁਨੀਲ, ਸਨੀ ਸਰਮਾ ਤੇ ਸਤਿੰਦਰ ਪੁੱਤਰ ਬਲਵੀਰ ਸਿੰਘ ਵਾਸੀਆਨ ਨਰਵਾਣਾ ਸਮੇਤ ਸਨੀ ਕਨੜੀ ਪੁੱਤਰ ਰਾਮਦਿਆ ਵਾਸੀ ਪਿੰਡ ਕਨਹੇੜੀ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਸਲੀ ਨੋਟਾਂ ਬਦਲੇ ਦੁੱਗਣੇ ਜਾਅਲੀ ਨੋਟ ਦੇਣ ਲਈ ਟਿਕਾਏ ਗਾਹਕ ਨੂੰ ਸੈਂਪਲ ਵਜੋਂ ਜਾਅਲੀ ਦੱਸ ਕੇ ਅਸਲੀ ਨੋਟ ਦਿੰਦੇ ਸਨ, ਜਿਨ੍ਹਾਂ ਦੇ ਆਸਾਨੀ ਨਾਲ ਚੱਲਣ ’ਤੇ ਗਾਹਕ ਝਾਂਸੇ ਵਿੱਚ ਆ ਜਾਂਦਾ ਸੀ। ਫਿਰ ਦੱਸੇ ਟਿਕਾਣੇ ’ਤੇ ਜਾਅਲੀ ਨੋਟ ਲੈਣ ਲਈ ਗਾਹਕ ਜਦੋਂ ਅਸਲੀ ਨੋਟ ਦੇਣ ਲੱਗਦਾ ਸੀ ਤਾਂ ਹਥਿਆਰਾਂ ਨਾਲ ਲੈੱਸ ਗਰੋਹ ਦੇ ਹੀ ਕੁਝ ਮੈਂਬਰ ਪੁਲੀਸ ਦੀ ਵਰਦੀ ਵਿੱਚ ਛਾਪਾ ਮਾਰ ਕੇ ਸਾਰੇ ਪੈਸੇ ਖੋਹ ਲੈਂਦੇ ਸਨ।