ਪੱਤਰ ਪ੍ਰੇਰਕ
ਪਾਤੜਾਂ 18 ਫ਼ਰਵਰੀ
ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੌਰਾਨ ਈਵੀਐਮ ਦਾ ਕੰਟਰੋਲਰ ਚੁੱਕਣ ਦੇ ਮਾਮਲੇ ਸਬੰਧੀ ਕਾਬੂ ਕੀਤੇ ਭਾਜਪਾ ਅਤੇ ਅਕਾਲੀ ਆਗੂ ਸਮੇਤ ਇਕ ਹੋਰ ਵਿਅਕਤੀ ਨੂੰ ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਵਾਰਡ ਅੱਠ ਦੇ ਬੂਥ ਨੰਬਰ ਗਿਆਰਾਂ ਦੇ ਪ੍ਰਜ਼ਾਈਡਿੰਗ ਅਫ਼ਸਰ ਯਸ਼ਪਾਲ ਵੱਲੋਂ ਕੀਤੀ ਸ਼ਿਕਾਇਤ ਉੱਤੇ ਈਵੀਐਮ ਦਾ ਕੰਟਰੋਲਰ ਚੁੱਕ ਕੇ ਪੋਲਿੰਗ ਵਿਚ ਵਿਘਨ ਪਾਏ ਜਾਣ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਮਗਰੋਂ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਹਿਰਾਸਤ ਵਿੱਚ ਲਿਆ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਭਾਜਪਾ ਆਗੂ ਰਮੇਸ਼ ਕੁਮਾਰ ਕੁੱਕੂ, ਅਕਾਲੀ ਆਗੂ ਰਾਮਪਾਲ ਮਿੱਤਲ ਅਤੇ ਵਿਸ਼ਾਲ ਕੁਮਾਰ ਨੂੰ ਹਿਰਾਸਤ ਵਿੱਚ ਲੈੇਣ ਮਗਰੋਂ ਅੱਜ ਜੇਲ੍ਹ ਭੇਜ ਦਿੱਤਾ ਗਿਆ ਹੈ।