ਦਵਿੰਦਰ ਪਾਲ
ਚੰਡੀਗੜ੍ਹ, 6 ਅਪਰੈਲ
ਕਾਂਗਰਸ ਸਰਕਾਰ ਸਮੇਂ ਵਿਵਾਦਾਂ ’ਚ ਘਿਰੇ ਜਾਂ ਚਰਚਾ ’ਚ ਰਹਿਣ ਵਾਲੇ ਪੰਜਾਬ ਪੁਲੀਸ ਦੇ ਤਿੰਨ ਅਧਿਕਾਰੀ ਡੀਜੀਪੀ ਬਰਜਿੰਦਰ ਕੁਮਾਰ ਉੱਪਲ, ਵਧੀਕ ਡੀਜੀਪੀ ਸਤੀਸ਼ ਕੁਮਾਰ ਅਸਥਾਨਾ ਅਤੇ ਏਆਈਜੀ ਰਾਜਜੀਤ ਸਿੰਘ ਦੀ ਪਿਛਲੇ ਕਈ ਮਹੀਨਿਆਂ ਤੋਂ ਕਿਸੇ ਵੀ ਵਿੰਗ ਵਿੱਚ ਤਾਇਨਾਤੀ ਨਹੀਂ ਕੀਤੀ ਗਈ ਹੈ। ਤਿੰਨੋਂ ਪੁਲੀਸ ਅਧਿਕਾਰੀਆਂ ਨੂੰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਸਰਕਾਰ ਨੇ ਪੋਸਟਿੰਗ ਤੋਂ ਅਜਿਹੀ ਮੁਕਤੀ ਦਿੱਤੀ ਕਿ ਸੱਤਾ ਤਬਦੀਲੀ ਤੋਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀ ਤਾਇਨਾਤੀ ਨਹੀਂ ਕੀਤੀ। ਸ੍ਰੀ ਉੱਪਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ’ਚ ਆਉਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਉਰੋ ਦਾ ਮੁਖੀ ਤਾਇਨਾਤ ਕੀਤਾ ਸੀ। ਉਸ ਤੋਂ ਬਾਅਦ ਜਦੋਂ ਸੂਬੇ ਵਿੱਚ ਕਾਂਗਰਸ ਨੇ ਕੈਪਟਨ ਦੀ ਥਾਂ ਸੱਤਾ ਦੀ ਚਾਬੀ ਚਰਨਜੀਤ ਸਿੰਘ ਚੰਨੀ ਦੇ ਹੱਥ ਫੜਾਈ ਤਾਂ ਚੰਨੀ ਸਰਕਾਰ ਨੇ ਡੀਜੀਪੀ ਉੱਪਲ ਨੂੰ ਪਹਿਲਾਂ ਤਾਂ ਛੁੱਟੀ ’ਤੇ ਭੇਜ ਦਿੱਤਾ ਅਤੇ ਉਸ ਤੋਂ ਬਾਅਦ ਵਿਜੀਲੈਂਸ ਦੇ ਮੁਖੀ ਵਜੋਂ ਸਿਧਾਰਥ ਚਟੋਪਾਧਿਆਏ ਦੀ ਤਾਇਨਾਤੀ ਕਰ ਦਿੱਤੀ ਸੀ ਪਰ ਉੱਪਲ ਨੂੰ ਕੋਈ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ।
ਸੱਤਾ ’ਚ ਤਬਦੀਲੀ ਤੋਂ ਬਾਅਦ ਵੀ ਇਸ ਅਧਿਕਾਰੀ ਨੂੰ ਤਾਇਨਾਤੀ ਨਹੀਂ ਮਿਲੀ ਹੈ। ਸ੍ਰੀ ਉੱਪਲ ਨੇ ਕਿਹਾ ਕਿ ਉਨ੍ਹਾਂ ਦੀ ਤਾਇਨਾਤੀ ਗ੍ਰਹਿ ਵਿਭਾਗ ਨਾਲ ਹੈ ਤੇ ਸਰਕਾਰ ਜਦੋਂ ਜ਼ਿੰਮੇਵਾਰੀ ਦੇਵੇਗੀ ਤਾਂ ਸੰਭਾਲ ਲਈ ਜਾਵੇਗੀ। ਇਸੇ ਤਰ੍ਹਾਂ ਵਧੀਕ ਡੀਜੀਪੀ ਸਤੀਸ਼ ਕੁਮਾਰ ਅਸਥਾਨਾ ਉਸ ਵੇਲੇ ਚਰਚਾ ਵਿੱਚ ਆਏ ਸਨ ਜਦੋਂ ਬਿਉਰੋ ਆਫ਼ ਇਨਵੈਸਟੀਗੇਸ਼ਨ ਦੇ ਮੁਖੀ ਹੁੰਦਿਆਂ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕਾਰਵਾਈ ਕਰਨ ਤੋਂ ਉਨ੍ਹਾਂ ਹੱਥ ਖੜ੍ਹੇ ਕਰਦਿਆਂ ਇੱਕ ਵੱਡਾ ਨੋਟ ਲਿਖ ਕੇ ਤਤਕਾਲੀ ਸਰਕਾਰ ਦੇ ਸਾਹਮਣੇ ਸੰਕਟ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦਿਨਾਂ ’ਚ ਅਸਥਾਨਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਦੀ ਥਾਂ ’ਤੇ ਨਵੇਂ ਅਧਿਕਾਰੀ ਦੀ ਤਾਇਨਾਤੀ ਤਾਂ ਕਰ ਦਿੱਤੀ ਗਈ ਪਰ ਉਨ੍ਹਾਂ ਨੂੰ ਪੋਸਟਿੰਗ ਦੇਣ ਤੋਂ ਗੁਰੇਜ਼ ਕੀਤਾ। ਨਵੀਂ ਸਰਕਾਰ ਨੇ ਵੀ ਇਸ ਅਧਿਕਾਰੀ ਨੂੰ ਬਿਨਾਂ ਤਾਇਨਾਤੀ ਤੋਂ ਹੀ ਰੱਖਿਆ ਹੋਇਆ ਹੈ।
ਏਆਈਜੀ ਵਜੋਂ ਵਿਜੀਲੈਂਸ ਵਿੱਚ ਤਾਇਨਾਤ ਰਹੇ ਅਤੇ ਚਰਚਿਤ ਪੁਲੀਸ ਅਫ਼ਸਰ ਰਾਜਜੀਤ ਸਿੰਘ ਦਾ ਵੀ ਅਜਿਹਾ ਹੀ ਕਿੱਸਾ ਹੈ। ਉਹ ਨਸ਼ਿਆਂ ਵਿਰੋਧੀ ਐੱਸਟੀਐੱਫ ਵੱਲੋਂ ਨਸ਼ਿਆਂ ਦੀ ਤਸਕਰੀ ਨਾਲ ਸਬੰਧਤ ਮਾਮਲੇ ਵਿੱਚ ਤਲਬ ਕੀਤੇ ਜਾਣ ਤੋਂ ਬਾਅਦ ਵਿਵਾਦਾਂ ’ਚ ਘਿਰ ਗਏ ਸਨ। ਉਸ ਨੂੰ ਵੀ ਚੰਨੀ ਸਰਕਾਰ ਦੇ ਸਮੇਂ ਹੀ ਤਾਇਨਾਤੀ ਤੋਂ ਮੁਕਤ ਹੋਣਾ ਪਿਆ ਸੀ। ਉਹ ਲੰਮਾ ਸਮਾਂ ਛੁੱਟੀ ’ਤੇ ਵੀ ਰਹੇ ਹਨ। ਰਾਜਜੀਤ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਸ ਦੀ ਤਾਇਨਾਤੀ ਸਰਕਾਰ ਨਾਲ ਕੀਤੀ ਹੋਈ ਹੈ ਅਤੇ ਵਿਭਾਗ ਵਿੱਚ ਤਾਇਨਾਤੀ ਲਈ ਸਮਰੱਥ ਪੁਲੀਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਵੇਗੀ।