ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਮਈ
ਬਠਿੰਡਾ ਦੇ ਗੁਰਦੁਆਰੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ ਵਿੱਚ ਕੀਤੀ ਗਈ ਅਰਦਾਸ ਦਾ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਨੂੰ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਕੌਮ ਨੂੰ ਦੋਫਾੜ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਇੱਥੋਂ ਦੇ ਗੁਰਦੁਆਰਾ ਅਕਾਲਸਰ ਸਾਹਿਬ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੀਮੀਟਿੰਗ ਦੌਰਾਨ ਰਾਗੀ-ਗ੍ਰੰਥੀ ਸਭਾ ਦੇ ਪ੍ਰਧਾਨ ਅਤੇ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਵਲੋਂ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ’ਚੋ ਛੇਕੇ ਡੇਰਾ ਮੁਖੀ ਅਤੇ ਕਿਸਾਨ ਵਿਰੋਧੀ ਪ੍ਰਧਾਨ ਮੰਤਰੀ ਦੇ ਹੱਕ ਵਿਚ ਅਰਦਾਸ ਕਰਨੀ ਪੰਜਾਬ ਦਾ ਮਾਹੌਲ ਵਿਗਾੜਨ ਅਤੇ ਸਿੱਖ ਪੰਥ ਵਿਚ ਵੰਡੀਆਂ ਪਾਉਣ ਦੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਸਿੱਖ ਕੌਮ ਵਿੱਚ ਜਾਤ-ਪਾਤ ਆਦਿ ਦੀ ਕੋਈ ਜਗ੍ਹਾ ਨਹੀਂ ਹੈ।
ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸੋਮਵਾਰ ਜ਼ਿਲ੍ਹਾ ਪੁਲੀਸ ਮੁਖੀ ਨੂੰ ਅਤੇ 30 ਮਈ ਨੂੰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮੀਟਿੰਗ ਵਿਚ ਭਾਈ ਅਮਰਜੀਤ ਸਿੰਘ, ਭਾਈ ਬਲਵਿੰਦਰ ਸਿੰਘ ਘਰਾਚੋਂ, ਭਾਈ ਗੁਰਮੀਤ ਸਿੰਘ, ਭਾਈ ਅਵਤਾਰ ਸਿੰਘ ਮਹਿਲਾ, ਭਾਈ ਪਰਗਟ ਸਿੰਘ ਈਲਵਾਲ, ਭਾਈ ਦਰਸ਼ਨ ਸਿੰਘ ਕੌਹਰੀਆਂ, ਰਣਜੀਤ ਸਿੰਘ ਤੇ ਹੋਰ ਸਿੱਖ ਆਗੂ ਸ਼ਾਮਲ ਹੋਏ।
ਸਾਬਕਾ ਪੰਜ ਪਿਆਰਿਆਂ ਵੱਲੋਂ ਡੇਰਾ ਮੁਖੀ ਦੀ ਪੈਰੋਲ ਦੀ ਨਿਖੇਧੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) : ਸਾਬਕਾ ਪੰਜ ਪਿਆਰਿਆ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾਅ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੱਤਾ। ਭਾਈ ਸਤਨਾਮ ਸਿੰਘ, ਭਾਈ ਤਰਲੋਕ ਸਿੰੰਘ ਅਤੇ ਭਾਈ ਸਤਨਾਮ ਸਿੰਘ ਝੰਜੀਆ ਨੇ ਕਿਹਾ ਕਿ ਇੱਕ ਪਾਸੇ ਤਾਂ ਇਹੋ ਜਿਹੇ ਵੱਡੇ ਦੋਸ਼ੀਆਂ ਨੂੰ ਕੁਝ ਦੇਰ ਬਾਅਦ ਹੀ ਪੈਰੋਲ ’ਤੇ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਤਾਂ ਕੀ ਕਰਨਾ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨਾਲ ਮੁਲਾਕਾਤ ਵੀ ਕੁੱਝ ਵਿਅਕਤੀ ਹੀ ਕਰ ਸਕਦੇ ਹਨ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਡੇਰਾ ਮੁਖੀ ਦੀ ਪੈਰੋਲ ਪਿਛੇ ਕੋਈ ਵੱਡੀ ਸਾਜ਼ਿਸ਼ ਹੋੋ ਸਕਦੀ ਹੈ। ਉਨ੍ਹਾਂ ਸਮੁੱਚੀਆ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਅਤੇ ਸੁਚੇਤ ਹੋਣ ਦੀ ਅਪੀਲ ਕੀਤੀ।