ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਅਗਸਤ
ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ-ਸ਼ਰਟ ਪਾ ਕੇ ਆਉਣ ਅਤੇ ਫੋਟੋਆਂ ਖਿਚਵਾ ਕੇ ਵਾਇਰਲ ਕਰਨ ਦੀ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਨੇ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਉਕਤ ਵਿਅਕਤੀ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੱਜ ਇਸ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਜਗਦੀਸ਼ ਟਾਈਟਲਰ ਦੀ ਤਸਵੀਰ ਵਾਲੀ ਟੀ ਸ਼ਰਟ ਪਾਈ ਹੋਈ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਇਸ ਸਬੰਧੀ ਸੂਚਨਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਨੇ ਤੁਰੰਤ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਘੋਖਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਕਤ ਵਿਅਕਤੀ ਦੀ ਪਛਾਣ ਅੰਮ੍ਰਿਤਸਰ ਵਾਸੀ ਕਰਮਜੀਤ ਸਿੰਘ ਗਿੱਲ ਵਜੋਂ ਹੋਈ ਹੈ, ਜੋ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਕਰਮਜੀਤ ਸਿੰਘ ਗਿੱਲ ਦਾ ਕਾਂਗਰਸ ਨਾਲ ਕੋਈ ਸਬੰਧ ਨਹੀ: ਜ਼ਿਲ੍ਹਾ ਕਾਂਗਰਸ ਪ੍ਰਧਾਨ
ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਪੱਪੂ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਗਿੱਲ ਜਿਸ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਪੁਲੀਸ ਸ਼ਿਕਾਇਤ ਦਰਜ ਕਰਵਾਈ ਗਈ ਹੈ, ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ ਹੈ ਤੇ ਨਾ ਹੀ ਕਾਂਗਰਸ ਦਾ ਉਸ ਨਾਲ ਕੋਈ ਸਬੰਧ ਹੈ। ਪੁਲੀਸ ਵੱਲੋਂ ਕਰਮਜੀਤ ਗਿੱਲ ਖ਼ਿਲਾਫ਼ ਕੇਸ ਦਰਜ ਕਰਨ ਸਬੰਧੀ ਕਾਰਵਾਈ ਚੱਲ ਰਹੀ ਹੈ।