ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਨਵੰਬਰ
ਸੰਯੁਕਤ ਨਾਰੀ ਮੰਚ ਪੰਜਾਬ (ਪੰਜਾਬ ਵਿਮੈੱਨ ਕੁਲੈਕਟਿਵ) ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸ਼ਹੀਦ ਕਿਸਾਨ ਬੀਬੀਆਂ ਨੂੰ ਸਮਰਪਿਤ ਪਹਿਲੀ ਕਨਵੈਸ਼ਨ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵਾਤਾਵਰਨ ਕਾਰਕੁਨ ਡਾ. ਵੰਦਨਾ ਸ਼ਿਵਾ ਅਤੇ ਮੇਧਾ ਪਾਟੇਕਰ ਕਿਸਾਨ ਸੰਘਰਸ਼ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੀਆਂ। ਇਸ ਮੌਕੇ ਡਾ. ਨਵਸ਼ਰਨ ਕੌਰ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਚਾਨਣਾ ਪਾਉਣਗੇ। ਇਹ ਕਨਵੈਨਸ਼ਨ 20 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿੱਚ ਕਰਵਾਈ ਜਾਵੇਗੀ। ਇਸ ਬਾਰੇ ਮੰਚ ਦੀ ਕਨਵੀਨਰ ਡਾ. ਕੰਵਲਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਹੱਕ ’ਚ ਪੰਜਾਬ ਦੀਆਂ ਔਰਤਾਂ ਵੱਲੋਂ ਕਰਵਾਈ ਜਾ ਰਹੀ ਇਸ ਪਹਿਲੀ ਕਨਵੈਨਸ਼ਨ ਵਿੱਚ ਦੇਸ਼ ਦੀਆਂ ਪ੍ਰਸਿੱਧ ਔਰਤ ਵਿਦਵਾਨ ਹਸਤੀਆਂ ਕਿਸਾਨੀ ਮਸਲਿਆਂ ਨੂੰ ਸੰਬੋਧਿਤ ਹੋਣਗੀਆਂ।
ਡਾ. ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਦੇ ਨਾਮ ’ਤੇ ਤਿੰਨ ਖੇਤੀ ਕਾਨੂੰਨ ਕਿਸਾਨਾਂ ’ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਦਾ ਕੌਮਾਂਤਰੀ ਪੱਧਰ ’ਤੇ ਵਿਰੋਧ ਹੋ ਰਿਹਾ ਹੈ। ਦੇਸ਼ ਦਾ ਅੰਨਦਾਤਾ ਕੌਮੀ ਰਾਜਧਾਨੀ ਦੀਆਂ ਬਰੂਹਾਂ ’ਤੇ 11 ਮਹੀਨਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਅੜੀਅਲ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਅੰਦੋਲਨ ਵਿੱਚ ਔਰਤਾਂ ਵੀ ਦਿਨ-ਰਾਤ ਸੰਘਰਸ਼ ਕਰ ਰਹੀਆਂ ਹਨ ਤੇ ਇਨ੍ਹਾਂ ਸੰਘਰਸ਼ਸ਼ੀਲ ਔਰਤਾਂ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ’ਚ ਵੀ ਅਜਿਹੇ ਸਮਾਗਮ ਉਲੀਕੇ ਜਾਣਗੇ। ਚੰਡੀਗੜ੍ਹ ’ਚ 20 ਨਵੰਬਰ ਨੂੰ ਕਰਵਾਈ ਜਾਣ ਵਾਲੀ ਕਨਵੈਸ਼ਨ ਦੀਆਂ ਤਿਆਰੀਆਂ ਲਈ ਸੈਕਟਰ-16 ਸਥਿਤ ਪੰਜਾਬ ਭਵਨ ’ਚ ਮੀਟਿੰਗ ਕੀਤੀ ਗਈ, ਜਿਸ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਸਰਦਾਰਾ ਸਿੰਘ ਚੀਮਾ, ਕਾਮਰੇਡ ਸੱਜਣ ਸਿੰਘ, ਕਮਲ ਨੈਣ ਸੇਖੋਂ, ਸੁਦੇਸ਼ ਕੁਮਾਰੀ, ਸੋਨੀਆ ਸਾਂਬਰ, ਨਰਿੰਦਰ ਕੌਰ ਮਾਨਸਾ, ਸੁਰਿੰਦਰ ਕੌਰ, ਸੁਮਿਤਰਾ ਗੁਪਤਾ, ਸ਼ੁਭਾ ਗੁਪਤਾ, ਬਲਕਾਰ ਸਿੱਧੂ, ਅਮਨਦੀਪ ਕੌਰ, ਸੁਰਿੰਦਰ ਜੈਪਾਲ, ਯਸ਼ਪਾਲ, ਜਰਨੈਲ ਕੌਰ ਲੁਧਿਆਣਾ, ਇੰਦੂ ਧਵਨ, ਹਰਭਜਨ ਢਿੱਲੋਂ, ਕਿਰਨਜੀਤ ਝੁਨੀਰ, ਵੀਨਾ ਜੰਮੂ ਤੇ ਅਮਰਜੀਤ ਕੌਰ ਨੇ ਸ਼ਮੂਲੀਅਤ ਕੀਤੀ। ਦੂਜੇ ਪਾਸੇ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ, ਸਹਿਤ ਚਿੰਤਨ ਸਭਾ, ਇਸਤਰੀ ਤਾਲਮੇਲ ਕਮੇਟੀ ਤੇ ਮੁਲਾਜ਼ਮ ਲਹਿਰ ਦੇ ਆਗੂਆਂ ਨੇ ਵੀ ਕਨਵੈਸ਼ਨ ’ਚ ਹਿੱਸਾ ਲੈਣ ਦਾ ਭਰੋਸਾ ਦਿੱਤਾ।