ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਦਿੱਲੀ ਮੋਰਚੇ ਲਈ ਰਵਾਨਾ ਹੋਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਵੇਂ ਕਿ ਦਿੱਲੀ ਰਵਾਨਾ ਹੋਣ ਲਈ ਹਾਲੇ ਇੱਕ ਦਿਨ ਬਾਕੀ ਹੈ ਪਰ ਪੰਜਾਬ-ਹਰਿਆਣਾ ਹੱਦ ’ਤੇ ਖਨੌਰੀ ਵਿੱਚ ਟਰੈਕਟਰ-ਟਰਾਲੀਆਂ ਰਾਹੀਂ ਸੰਘਰਸ਼ੀ ਕਿਸਾਨਾਂ ਦੇ ਕਾਫ਼ਲੇ ਪੁੱਜਣੇ ਸ਼ੁਰੂ ਹੋ ਗਏ ਹਨ। ਉਧਰ ਪੰਜਾਬ ਸਰਕਾਰ ਨੇ ਵੀ ਖਨੌਰੀ ਵਿੱਚ ਭਾਰੀ ਗਿਣਤੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਹੈ। ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਸਿਰਫ ਆਰਥਿਕ ਮੰਗਾਂ ਦਾ ਅੰਦੋਲਨ ਨਹੀਂ ਬਲਕਿ ਸੂਬਿਆਂ ਤੋਂ ਖੋਹੇ ਜਾ ਰਹੇ ਹੱਕਾਂ ਦੀ ਬਹਾਲੀ ਅਤੇ ਵਧ ਰਹੇ ਫਾਸ਼ੀਵਾਦੀ ਹੱਲੇ ਖ਼ਿਲਾਫ਼ ਸੰਘਰਸ਼ ਕਰਾਰ ਦਿੱਤਾ ਹੈ।
ਕਿਸਾਨਾਂ ਵਿੱਚ ਦਿੱਲੀ ਮੋਰਚੇ ਲਈ ਇੰਨਾ ਉਤਸ਼ਾਹ ਅਤੇ ਜ਼ੋਸ਼ ਹੈ ਕਿ ਦਿੱਲੀ ਰਵਾਨਾ ਹੋਣ ਤੋਂ ਦੋ ਦਿਨ ਪਹਿਲਾਂ ਹੀ ਉਹ ਪੰਜਾਬ-ਹਰਿਆਣਾ ਹੱਦ ’ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਖਨੌਰੀ ਵਿੱਚ ਹੱਦ ’ਤੇ ਪੁੱਜਣ ਵਾਲੇ ਕਾਫ਼ਲਿਆਂ ਲਈ ਲੰਗਰ ਸ਼ੁਰੂ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨਾਲ ਸਬੰਧਤ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਦੇ ਕਿਸਾਨ ਟਰੈਕਟਰ-ਟਰਾਲੀਆਂ ਰਾਹੀਂ ਭਲਕੇ 25 ਨਵੰਬਰ ਨੂੰ ਜ਼ਿਲ੍ਹਾ ਸੰਗਰੂਰ ਵਿਚ ਪੁੱਜ ਜਾਣਗੇ ਅਤੇ 26 ਨਵੰਬਰ ਨੂੰ ਇਕੱਠਿਆਂ ਹੀ ਦਿੱਲੀ ਰਵਾਨਾ ਹੋਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸਥਾਨਕ ਗਦਰ ਮੈਮੋਰੀਅਲ ਭਵਨ ਵਿਚ ਇੱਕ ਮੀਟਿੰਗ ਮਗਰੋਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਿਆਂ ਖਾਸਕਰ ਅੰਮ੍ਰਿਤਸਰ, ਗੁਰਦਾਸਪੁਰ, ਪਨਾਨਕੋਟ ਤੋਂ ਅੱਜ ਰਾਤ ਨੂੰ ਹੀ ਕਿਸਾਨ ਰਵਾਨਾ ਹੋ ਜਾਣਗੇ। ਭਲਕੇ ਜਿਨ੍ਹਾਂ ਕਿਸਾਨਾਂ ਨੇ ਸ਼ੰਭੂ ਬਾਰਡਰ ਰਾਹੀਂ ਜਾਣਾ ਹੈ, ਉਹ ਸਰਹਿੰਦ ਦੇ ਗੁਰਦੁਆਰੇ ਵਿੱਚ ਪੜਾਅ ਕਰਨਗੇ। ਖਨੌਰੀ ਬਾਰਡਰ ਰਾਹੀਂ ਜਾਣ ਵਾਲੇ ਕਿਸਾਨ ਖਨੌਰੀ ਦੇ ਗੁਰਦੁਆਰੇ ਅਤੇ ਸਰਦੂਲਗੜ੍ਹ ਬਾਰਡਰ ਰਾਹੀਂ ਜਾਣ ਵਾਲੇ ਕਿਸਾਨ ਤਲਵੰਡੀ ਸਾਬੋ ਦੇ ਗੁਰਦੁਆਰੇ ਵਿੱਚ ਪੜਾਅ ਕਰਨਗੇ। ਜ਼ਿਲ੍ਹਾ ਸੰਗਰੂਰ ਦੀਆਂ ਕਿਸਾਨ ਜਥੇਬੰਦੀਆਂ 26 ਨਵੰਬਰ ਨੂੰ ਸਵੇਰੇ ਖਨੌਰੀ ਲਈ ਰਵਾਨਾ ਹੋਣਗੀਆਂ।
ਅੱਜ ਪਟਿਆਲਾ ਦੇ ਐੱਸਪੀ ਟਰੈਫਿਕ ਪਲਵਿੰਦਰ ਸਿੰਘ ਚੀਮਾ, ਪਾਤੜਾਂ ਦੇ ਡੀਐੱਸਪੀ ਭਰਪੂਰ ਸਿੰਘ ਅਤੇ ਥਾਣਾ ਮੁਖੀ ਸ਼ਮਸ਼ੇਰ ਸਿੰਘ ਪੁਲੀਸ ਫੋਰਸ ਸਮੇਤ ਮੌਜੂਦ ਰਹੇ।
ਦੋ ਸਰਹੱਦਾਂ ਰਾਹੀਂ ਦਿੱਲੀ ਰਵਾਨਾ ਹੋਣ ਦਾ ਪ੍ਰੋਗਰਾਮ ਉਲੀਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ-ਹਰਿਆਣਾ ਦੇ ਦੋ ਬਾਰਡਰਾਂ ਰਾਹੀਂ ਦਿੱਲੀ ਰਵਾਨਾ ਹੋਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਕਿਸਾਨ ਖਨੌਰੀ ਬਾਰਡਰ ਰਾਹੀਂ ਤੇ ਫਾਜ਼ਿਲਕਾ, ਬਠਿੰਡਾ, ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਅਤੇ ਮੋਗਾ ਦੇ ਕਿਸਾਨ ਡੱਬਵਾਲੀ ਸਰਹੱਦ ਰਾਹੀਂ ਰਵਾਨਾ ਹੋਣਗੇ।