ਸ਼ਗਨ ਕਟਾਰੀਆ
ਬਠਿੰਡਾ, 29 ਦਸੰਬਰ
ਪ੍ਰਾਇਮਰੀ ਸਕੂਲਾਂ ਦੀਆਂ ਕੁੱਕ ਕਮ ਹੈਲਪਰਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 30 ਦਸੰਬਰ ਨੂੰ ਚਮਕੌਰ ਸਾਹਿਬ ਵਿੱਚ ਹੋਣ ਵਾਲੀ ਸਰਕਾਰੀ ਰੈਲੀ ’ਚ ਪਹੁੰਚਣ ਲਈ ਪੱਤਰ ਜਾਰੀ ਕੀਤਾ ਹੈ। ਇਹ ਪੱਤਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਵੱਲੋਂ ਅੱਜ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਜ਼ਿਲ੍ਹੇ ਦੇ ਸਮੁੱਚੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ (ਬੀਪੀਈਓ) ਨੂੰ ਕਿਹਾ ਗਿਆ ਹੈ ਕਿ ਰੈਲੀ ਵਿੱਚ ਮੁੱਖ ਮੰਤਰੀ ਵੱਲੋਂ ਕੁੱਕ ਕਮ ਹੈਲਪਰਾਂ ਲਈ ਕੁਝ ਖਾਸ ਐਲਾਨ ਕੀਤੇ ਜਾਣੇ ਹਨ, ਇਸ ਲਈ ਰੈਲੀ ’ਚ ਪੁੱਜਣ ਲਈ ਵੱਧ ਤੋਂ ਵੱਧ ਕੁੱਕ ਬੀਬੀਆਂ ਨੂੰ ਪ੍ਰੇਰਿਤ ਕੀਤਾ ਜਾਵੇ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਡੀਈਓ ਪ੍ਰ੍ਰਭਜੋਤ ਕੌਰ ਨੇ ਦੱਸਿਆ ਕਿ ਇਹ ਪੱਤਰ ਡੀਪੀਆਈ ਅਤੇ ਡੀਸੀ ਦੇ ਹੁਕਮਾਂ ਹੇਠ ਜਾਰੀ ਕੀਤਾ ਗਿਆ ਹੈ। ਡੀਟੀਐੱਫ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਲਖਵੀਰ ਸਿੰਘ ਹਰੀ ਨੇ ਕਿਹਾ ਕਿ ਸਰਕਾਰ ਐਲਾਨ ਬਹਾਨੇ ਬੀਬੀਆਂ ਨੂੰ ਰੈਲੀ ’ਚ ਇਕੱਠ ਵਧਾਉਣ ਲਈ ਵਰਤਣਾ ਚਾਹੁੰਦੀ ਹੈ।
ਫ਼ੈਸਲੇ ਦੀ ਨਿਖੇਧੀ
ਸ਼ੇਰਪੁਰ (ਬੀਰਬਲ ਰਿਸ਼ੀ): ਆਲ ਇੰਡੀਆ ਆਂਗਣਵਾੜੀ ਐਂਡ ਹੈਲਪਰ ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਮੁੱਖ ਮੰਤਰੀ ਵੱਲੋਂ ਆਪਣੀ ਰੈਲੀ ਵਿੱਚ ਬੀਬੀਆਂ ਦੀ ਇਕੱਤਰਤਾ ਲਈ ਇਸ ਤਰ੍ਹਾਂ ਇਕੱਠ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਕੋਈ ਭੀਖ ਨਹੀਂ ਸਗੋਂ ਉਨ੍ਹਾਂ ਦੇ ਸੰਘਰਸ਼ਾਂ ਦਾ ਨਤੀਜਾ ਹੈ।