ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਦਸੰਬਰ
ਉੱਤਰੀ ਭਾਰਤ ਵਿੱਚ ਨਿਵੇਕਲੀ ਪਛਾਣ ਰੱਖਣ ਵਾਲਾ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਆਪਣੀਆਂ ਸਿਖਰਾਂ ਛੋਹ ਰਿਹਾ ਹੈ। ਹਰ ਸਾਲ ਹੋਣ ਵਾਲਾ ਇਹ ਸੰਗੀਤ ਸੰਮੇਲਨ 1875 ਤੋਂ ਸ਼ੁਰੂ ਹੋਇਆ ਸੀ ਜਿਹੜਾ ਹੁਣ 146ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਸ੍ਰੀ ਦੇਵੀ ਤਾਲਾਬ ਮੰਦਰ ’ਚ ਬਣੇ ਭਵਨ ਵਿੱਚ ਇਹ ਸੰਗੀਤ ਸੰਮੇਲਨ ਸ੍ਰੀ ਹਰਿਵੱਲਭ ਸੰਗੀਤ ਮਹਾਸਭਾ ਤੇ ਨਾਰਥ ਜ਼ੋਨ ਕਲਚਰਲ ਸੈਂਟਰ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਸਾਲ 2019 ਦੇ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦੇ ਜੇਤੂ ਪ੍ਰਖਰ ਜੋਜਨ ਨੇ ਸੰਮੇਲਨ ਦੇ ਦੂਜੇ ਦਿਨ ਦੀ ਸ਼ੁਰੂਆਤ ਰਾਗ ਦੇਸ ਠੁਮਰੀ ਨਾਲ ਕੀਤੀ। ਠੁਮਰੀ ਨੇ ਲੋਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਉਸ ਨੇ ਮਾੜ ਸ਼ੈਲੀ ’ਚ ਰਾਜਸਥਾਨੀ ਲੋਕ ਗੀਤ ਦੀ ਪੇਸ਼ਕਾਰੀ ਕੀਤੀ। ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਚੱਲਣ ਵਾਲੇ ਇਸ ਸੰਗੀਤ ਸੰਮੇਲਨ ਦਾ ਆਪਣਾ ਹੀ ਨਿੱਘ ਹੈ। ਕਸ਼ਮੀਰ ਦੇ ਸੂਫੀਆਨਾ ਘਰਾਣੇ ਨਾਲ ਸਬੰਧ ਰੱਖਣ ਵਾਲੇ ਦਿਵਿਆਂਸ਼ ਸ਼੍ਰੀਵਾਸਤਵ ਨੇ ਆਪਣੇ ਸੰਤੂਰ ਵਾਦਨ ਨਾਲ ਸੰਮੇਲਨ ਵਿੱਚ ਮੌਜੂਦ ਸਰੋਤਿਆਂ ਨੂੰ ਆਪਣੀਆਂ ਧੁਨਾਂ ’ਤੇ ਝੂਮਣ ਲਾ ਦਿੱਤਾ। ਤਬਲੇ ’ਤੇ ਉਨ੍ਹਾਂ ਦਾ ਸਾਥ ਪ੍ਰਸਿੱਧ ਤਬਲਾਵਾਦਕ ਆਨੰਦ ਮਿਸ਼ਰਾ ਨੇ ਦਿੱਤਾ। ਦਿਵਿਆਂਸ਼ ਨੇ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਗੋਵਿੰਦ ਵਰਮਾ ਤੇ ਪਦਮਸ੍ਰੀ ਪੰਡਿਤ ਭਜਨ ਸੋਪੋਰੀ ਕੋਲੋਂ ਹਾਸਲ ਕੀਤੀ ਹੈ। ਉਸ ਨੇ ਕਈ ਦਸਤਾਵੇਜ਼ੀ ਫ਼ਿਲਮਾਂ ’ਚ ਸੰਗੀਤ ਦੇਣ ਦੇ ਨਾਲ-ਨਾਲ ਆਪਣੇ ਗੁਰੂ ਪੰਡਿਤ ਭਜਨ ਸੋਪੋਰੀ, ਸੁਰੇਸ਼ ਵਾਡੇਕਰ ਤੇ ਸ਼ਾਨ ਨਾਲ ਕਈ ਸੰਮੇਲਨਾਂ ’ਚ ਹਿੱਸਾ ਲਿਆ ਹੈ।
ਪ੍ਰਧਾਨ ਪੁਰੂਨਿਮਾ ਬੇਰੀ ਨੇ ਕਿਹਾ ਕਿ ਇਸ ਵਾਰ ਦਾ ਸੰਮੇਲਨ ਕਰੋਨਾ ਦੌਰਾਨ ਵਿਛੜ ਗਏ ਸੰਗੀਤਕਾਰਾਂ ਤੇ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ, ਵਿਧਾਇਕ ਰਜਿੰਦਰ ਬੇਰੀ, ਚੇਅਰਮੈਨ ਸ਼ੀਤਲ ਵਿੱਜ ਹਾਜ਼ਰ ਸਨ।