ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 28 ਅਗਸਤ
ਕਰੋਨਾ ਮਹਾਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਅੱਜ ਕਰੋਨਾ ਮਰੀਜ਼ਾਂ ਦੀ ਗਿਣਤੀ 1 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਕਰੋਨਾ ਦੇ 39 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲ੍ਹੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1032 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਅੱਜ ਜ਼ਿਲ੍ਹੇ ਵਿਚ ਪਰਮਜੀਤ ਕੌਰ (45) ਦੀ ਮੌਤ ਹੋਈ ਹੈ।
ਬਸੀ ਪਠਾਣਾਂ (ਪੱਤਰ ਪ੍ਰੇਰਕ): ਬਸੀ ਪਠਾਣਾਂ ਸ਼ਹਿਰ ਵਿੱਚ ਕਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ ਤੇ ਸ਼ਹਿਰ ਦੇ ਮੁਹੱਲਾ ਗੁਰੂ ਨਾਨਕ ਵਿੱਚ ਪਿਛਲੇ ਦੋ ਦਿਨਾਂ ’ਚ 17 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਤੇ ਹੋਰ ਸੈਂਪਲਿੰਗ ਜਾਰੀ ਹੈ। ਅੱਜ ਮੁਹੱਲਾ ਗੁਰੂ ਨਾਨਕਪੁਰ ਵਿਚ ਸਿਹਤ ਮਹਿਕਮੇ ਦੀ ਟੀਮ ਵੱਲੋਂ ਕੀਤੀ ਜਾ ਰਹੀ ਮਾਈਕਰੋ ਸੈਂਪਲਿੰਗ ਦੌਰਾਨ 4 ਪਾੇਟਿਵ ਕੇਸ ਸਾਹਮਣੇ ਆਏ ਸਨ, ਜਿਸ ਨਾਲ ਇਸ ਮੁਹੱਲੇ ਵਿੱਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 17 ਹੋ ਗਈ ਹੈ। ਸੈਂਪਲਿੰਗ ਦੌਰਾਨ ਨਾਲ ਲੱਗਦੇ ਮੁੱਖ ਬਾਜ਼ਾਰ ਦੇ ਦੁਕਾਨਦਾਰ ਜਾਂਚ ਕਰਵਾਉਣ ਤੋਂ ਡਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਕਰ ਕੇ ਚਲੇ ਗਏ। ਇਸ ਸਬੰਧ ’ਚ ਜਦੋਂ ਬਸੀ ਪਠਾਣਾਂ ਦੇ ਐੱਸਡੀਐੱਮ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਂਚ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਊਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਨਿਰਦੇਸ਼ਾਂ ਦੀ ਪਾਲਨਾ ਕੀਤੀ ਜਾਵੇ।
ਖਰੜ (ਪੱਤਰ ਪ੍ਰੇਰਕ): ਖਰੜ ਵਿਚ ਕਰੋਨਾ ਬਿਮਾਰੀ ਤੋਂ ਪੀੜਿਤ ਅੱਜ 32 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਖਰੜ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 97 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਬਲਾਕ ਖਮਾਣੋਂ ਵਿੱਚ ਅੱਜ ਕਰੋਨਾ ਦੇ ਦੋ ਹੋਰ ਮਾਮਲੇ ਸਾਹਮਣੇ ਆਏ ਹਨ। ਐੱਸਐੱਮਓ ਡਾ. ਹਰਭਜਨ ਰਾਮ ਤੇ ਨੋਡਲ ਅਫ਼ਸਰ ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਖੰਨਾ ਸ਼ਹਿਰ ਦੇ ਪੀਰਖਾਨਾ ਰੋਡ ਦਾ ਰਹਿਣ ਵਾਲਾ 70 ਸਾਲਾ ਵਿਅਕਤੀ ਹੈ ਤੇ ਦੂਜਾ ਪਿੰਡ ਮੰਡੇਰਾਂ ਦਾ 24 ਸਾਲ ਦਾ ਨੌਜਵਾਨ। ਨੌਜਵਾਨ ਦੀ ਮਾਤਾ ਦੀ ਪਿਛਲੇ ਦਿਨੀਂ ਕਰੋਨਾ ਕਾਰਨ ਮੌਤ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਊਨ੍ਹਾਂ ਦੇ ਘਰਾਂ ਵਿੱਚ ਏਕਾਂਤਵਾਸ ਕੀਤਾ ਗਿਆ ਹੈ।
ਰੂਪਨਗਰ (ਪੱਤਰ ਪ੍ਰੇਰਕ): ਰੂਪਨਗਰ ਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅੱਜ 7 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿੱਚ 4 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਹੁਣ ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 254 ਹੈ ਅਤੇ ਹੁਣ ਤੱਕ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ।
ਘਨੌਲੀ ਵਾਸੀ ਔਰਤ ਦੀ ਕਰੋਨਾ ਨਾਲ ਮੌਤ
ਘਨੌਲੀ (ਪੱਤਰ ਪ੍ਰੇਰਕ): ਪਿੰਡ ਘਨੌਲੀ ਦੀ ਬਿਰਧ ਔਰਤ ਦੀ ਕਰੋਨਾ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਕਮਿਉਨਿਟੀ ਹੈਲਥ ਸੈਂਟਰ ਭਰਤਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਘਨੌਲੀ ਦੀ 70 ਸਾਲਾ ਔਰਤ ਅਵਤਾਰ ਕੌਰ ਦੀ ਕਰੋਨਾ ਬਿਮਾਰੀ ਕਾਰਨ ਮੌਤ ਹੋਈ ਹੈ ਤੇ ਮ੍ਰਿਤਕਾ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਵੀ ਪੀੜਤ ਸੀ।