ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 10 ਜੂਨ
ਪਿੰਡ ਧੂਲਕੋਟ ਵਿਚ 98 ਫੀਸਦੀ ਪਿੰਡ ਵਾਸੀਆਂ ਦਾ ਕਰੋਨਾ ਟੀਕਾਕਰਨ ਹੋ ਚੁੱਕਾ ਹੈ। ਇਸ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤ ਦਾ ਸਨਮਾਨ ਕੀਤਾ ਹੈ। ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਨੇ ਇਸ ਮਾਅਰਕੇ ਲਈ ਪੰਚਾਇਤ ਨੂੰ ਸਰਕਾਰ ਤੋਂ ਸਨਮਾਨਿਤ ਕਰਾਉਣ ਦੀ ਸਿਫਾਰਸ਼ ਵੀ ਕੀਤੀ ਹੈ।
ਪਿੰਡ ਦੇ ਸਰਪੰਚ ਸੰਤੋਸ਼ ਕੌਰ ਸੋਢੀ ਅਤੇ ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਇਹ ਬਹੁਤ ਔਖਾ ਕਾਰਜ ਸੀ ਜਿਸ ਲਈ ਇਕ-ਇਕ ਬੰਦੇ ਨੂੰ ਪ੍ਰੇਰਿਤ ਕਰਨਾ ਪਿਆ। ਬਹੁਤਿਆਂ ਨੇ ਕਿਹਾ ਕਿ ਟੀਕਾ ਲੱਗਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਕਈਆਂ ਨੇ ਟੀਕਾ ਲੱਗਣ ਤੋਂ ਬਾਅਦ ਕਈ ਸ਼ਿਕਾਇਤਾਂ ਕੀਤੀਆਂ ਜਿਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਗਿਆ। ਪਿੰਡ ਦੇ ਟੀਕਾ ਲੱਗਣ ਯੋਗ 910 ਵਿੱਚੋਂ 875 ਵਿਅਕਤੀਆਂ ਦੇ ਟੀਕੇ ਲੱਗ ਚੁੱਕੇ ਹਨ ਅਤੇ ਸਿਰਫ 29 ਵਿਅਕਤੀਆਂ ਦੇ ਹੀ ਟੀਕੇ ਨਹੀਂ ਲੱਗੇ। ਇਨ੍ਹਾਂ ਵਿਚੋਂ ਵੀ 17 ਵਿਅਕਤੀ ਕਰੋਨਾ ਪਾਜ਼ੇਟਿਵ ਹਨ ਤੇ ਕੁਝ ਪਿੰਡੋਂ ਬਾਹਰ ਗਏ ਹਨ। ਇਸ ਤੋਂ ਬਿਨਾਂ 18 ਤੋਂ 45 ਸਾਲ ਦੇ 180 ਮੂਹਰਲੀ ਕਤਾਰ ਦੇ ਵਰਕਰਾਂ ਦੇ ਵੀ ਟੀਕੇ ਲਾਏ ਗਏ ਜਿਨ੍ਹਾਂ ’ਚੋਂ ਬਹੁਤੇ ਮਜ਼ਦੂਰ ਹਨ। ਸ੍ਰੀ ਸੋਢੀ ਨੇ ਦੱਸਿਆ ਕਿ ਉਨ੍ਹਾਂ ਦੋ ਮਹੀਨੇ ਦਿਨ-ਰਾਤ ਕੰਮ ਕੀਤਾ ਜਿਸ ਵਿੱਚ ਰੇਸ਼ਮ ਸਿੰਘ, ਕੁਲਵਿੰਦਰ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ ਪੰਚ, ਗੁਰਪਿਆਰ ਸਿੰਘ ਪੰਚ, ਸਵਰਨ ਸਿੰਘ, ਗੁਰਤੇਜ ਸਿੰਘ ਮੌੜ, ਬਲਵਿੰਦਰ ਸਿੰਘ ਨੇ ਸਾਥ ਦਿੱਤਾ। ਲੋਕਾਂ ਦੀ ਸਹੂਲਤ ਲਈ ਪਿੰਡ ਵਿੱਚ ਹੀ ਕੈਂਪ ਲਾਏ ਗਏ ਜਿਸ ਦੌਰਾਨ ਸਿਹਤ ਵਿਭਾਗ ਦੇ ਸੁਖਵਿੰਦਰ ਸਿੰਘ, ਵੀਰਪਾਲ ਕੌਰ, ਰਾਮਿੰਦਰਪਾਲ ਕੌਰ, ਅੰਮ੍ਰਿਤਪਾਲ ਕੌਰ ਤੇ ਅਮਰਜੀਤ ਕੌਰ ਨੇ ਵੀ ਸਾਥ ਦਿੱਤਾ।