ਮਹਿੰਦਰ ਸਿੰਘ ਰੱਤੀਆਂ/ਰਾਜਵਿੰਦਰ ਰੌਂਤਾ
ਮੋਗਾ/ ਨਿਹਾਲ ਸਿੰਘ ਵਾਲਾ, 30 ਜੂਨ
ਇੱਥੇ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਤਾਇਨਾਤ ਤਿੰਨ ਥਾਣੇਦਾਰਾਂ ਸਣੇ ਸੱਤ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਥਾਣੇ ਵਿੱਚ ਤਕਰੀਬਨ 32 ਪੁਲੀਸ ਮੁਲਾਜ਼ਮ ਹਨ। ਥਾਣੇ ਵਿੱਚ ਰੋਗਾਣੂਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ।
ਸਿਹਤ ਵਿਭਾਗ ਨੇ ਪਾਜ਼ੇਟਿਵ ਪੁਲੀਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਹੈ। ਪਾਜ਼ੇਟਿਵ ਆਏ ਪੁਲੀਸ ਮੁਲਾਜ਼ਮਾਂ ਦੇ ਕੱਲ੍ਹ ਨਮੂਨੇ ਲਏ ਗਏ ਸਨ। ਇਨ੍ਹਾਂ ਪੁਲੀਸ ਮੁਲਾਜ਼ਮਾਂ ਦੀ ਉਮਰ 26 ਤੋਂ 57 ਸਾਲ ਦਰਮਿਆਨ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਮੁਲਾਜ਼ਮਾਂ ਵਿੱਚ ਕੋਵਿਡ-19 ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਭਰ ’ਚ ਪੁਲੀਸ ਮੁਲਾਜ਼ਮਾਂ ਦੇ ਕਰੋਨਾ ਨਮੂਨੇ ਲਏ ਜਾ ਰਹੇ ਹਨ। ਇਸ ਤਹਿਤ ਹੀ ਇਨ੍ਹਾਂ ਮੁਲਾਜ਼ਮਾਂ ਦੇ ਕਰੋਨਾ ਟੈਸਟ ਲਏ ਗਏ ਸਨ।
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਵਿਭਾਗ ਨੇ ਆਪਣੀ ਟੈਸਟਿੰਗ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਵਿੱਚ 29 ਜੂਨ ਤੱਕ ਕੁੱਲ 13 ਐਕਟਿਵ ਕੇਸ ਹਨ ਜੋ ਹੁਣ 20 ਹੋ ਗਏ ਹਨ। ਪੁਲੀਸ ਮੁਲਾਜ਼ਮਾਂ ਸਣੇ 16 ਪਾਜ਼ੇਟਿਵ ਮਰੀਜ਼ਾਂ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਦੋ ਮਰੀਜ਼ ਲਧਿਆਣੇ ਦੇ ਵੱਖ-ਵੱਖ ਹਸਪਤਾਲਾਂ ਤੇ ਇੱਕ ਪਟਿਆਲੇ ਹਸਪਤਾਲ ’ਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਹੁਣ ਤੱਕ ਕੁੱਲ 13 ਹਜ਼ਾਰ 980 ਨਮੂਨੇ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 12 ਹਜ਼ਾਰ 915 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 968 ਨਮੂਨਿਆਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 83 ਜਣੇ ਠੀਕ ਹੋ ਗਏ ਹਨ ਤੇ ਦੋ ਦੀ ਮੌਤ ਹੋ ਚੁੱਕੀ ਹੈ।